ਹਾਈ ਸਕੂਲ ‘ਚ ਹੋਈ ਗੋਲੀਬਾਰੀ ਕਾਰਨ 4 ਲੋਕ ਜ਼ਖਮੀ

49

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਕੂਲਾਂ ਵਿੱਚ ਵਿਅਕਤੀਗਤ ਰੂਪ ‘ਚ ਕਲਾਸਾਂ ਸ਼ੁਰੂ ਹੋਣ ਦੇ ਬਾਅਦ , ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਕੂਲ ਵਿੱਚ ਗੋਲੀਬਾਰੀ ਦੀ ਇੱਕ ਤਾਜਾ ਘਟਨਾ ਬੁੱਧਵਾਰ ਨੂੰ ਟੈਕਸਾਸ ਦੇ ਹਾਈ ਸਕੂਲ ਵਿੱਚ ਵਾਪਰੀ ਹੈ। ਇਸ ਗੋਲੀਬਾਰੀ ਦੀ ਜਾਣਕਾਰੀ ਦਿੰਦਿਆਂ ਟੈਕਸਾਸ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਆਰਲਿੰਗਟਨ ਦੇ ਟਿੰਬਰਵਿਊ ਹਾਈ ਸਕੂਲ ਵਿੱਚ ਬੁੱਧਵਾਰ ਸਵੇਰੇ ਹੋਈ, ਜਿਸ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 18 ਸਾਲਾਂ ਵਿਦਿਆਰਥੀ, ਜਿਸਨੇ ਗੋਲੀਬਾਰੀ ਕੀਤੀ ਘਟਨਾ ਸਥਾਨ ਤੋਂ ਭੱਜ ਗਿਆ ਸੀ। ਜਿਸਨੂੰ ਕੁੱਝ ਘੰਟਿਆਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਪੀੜਤਾਂ ਵਿੱਚੋਂ ਦੋ ਨੂੰ ਗੋਲੀਆਂ ਲੱਗੀਆਂ ਹਨ। ਜਖਮੀਆਂ ਵਿੱਚੋਂ ਤਿੰਨ ਵਿਦਿਆਰਥੀ ਸਨ ਅਤੇ ਇੱਕ ਬਾਲਗ ਵਿਅਕਤੀ ਸੀ ਜੋ ਸ਼ਾਇਦ ਅਧਿਆਪਕ ਸੀ। ਚਾਰ ਜਖਮੀਆਂ ਵਿੱਚੋਂ ਤਿੰਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਹਨਾਂ ਵਿੱਚੋਂ ਇੱਕ 15 ਸਾਲਾਂ ਲੜਕਾ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ।
ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ 18 ਸਾਲਾਂ ਵਿਦਿਆਰਥੀ ਟਿਮੋਥੀ ਜਾਰਜ ਸਿੰਪਕਿਨਸ ਵਜੋਂ ਕੀਤੀ ਹੈ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਤਿੰਨ ਮਾਮਲਿਆਂ ਦਾ ਦੋਸ਼ ਲਗਾਇਆ ਹੈ। ਇਸ ਨਾਬਾਲਗ ਵਿਦਿਆਰਥੀ ਨੇ ਦੁਪਹਿਰ 1:15 ਵਜੇ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਵਕੀਲ ਨਾਲ ਗੱਲਬਾਤ ਕੀਤੀ। ਪੁਲਿਸ ਅਨੁਸਾਰ ਉਸਦਾ ਬਾਂਡ 75,000 ਡਾਲਰ ਰੱਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਗੋਲੀਬਾਰੀ ਸਵੇਰੇ 9:15 ਵਜੇ ਸਕੂਲ ਦੀ ਦੂਜੀ ਮੰਜ਼ਿਲ ‘ਤੇ ਇੱਕ ਕਲਾਸਰੂਮ ਵਿੱਚ ਹੋਈ ਅਤੇ ਗੋਲੀਬਾਰੀ ਤੋਂ ਪਹਿਲਾਂ ਵਿਦਿਆਰਥੀਆਂ ‘ਚ ਲੜਾਈ ਹੋਈ ਸੀ। ਗੋਲੀਆਂ ਦੀ ਆਵਾਜ਼ ਸੁਣਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਸਹਿਮ ਪੈਦਾ ਹੋ ਗਿਆ ਸੀ।

Real Estate