ਬੀਚ ‘ਤੇ ਤੇਲ ਫੈਲਣ ਦੇ ਮੱਦੇਨਜ਼ਰ ਕੀਤੀ ਐਮਰਜੈਂਸੀ ਦੀ ਘੋਸ਼ਣਾ

49

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਵਿੱਚ ਪਿਛਲੇ ਦਿਨੀਂ ਇੱਕ ਬੀਚ ‘ਤੇ ਤੇਲ ਰਿਸਣ ਕਾਰਨ ਪੈਦਾ ਹੋਈ ਸਮੱਸਿਆ ਕਾਫੀ ਉਲਝ ਗਈ ਹੈ। ਇਸ ਸਬੰਧ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਹਫਤੇ ਦੇ ਅੰਤ ਵਿੱਚ ਹੰਟਿੰਗਟਨ ਬੀਚ ਦੇ ਨੇੜੇ ਤੇਲ ਦੇ ਵੱਡੇ ਪੱਧਰ ‘ਤੇ ਫੈਲਣ ਦੇ ਜਵਾਬ ਵਿੱਚ ਓਰੇਂਜ ਕਾਉਂਟੀ ਲਈ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ। ਇਸ ਤੋਂ ਪਹਿਲਾਂ ਕਾਉਂਟੀ ਦੇ ਸੁਪਰਵਾਈਜ਼ਰਾਂ ਦੇ ਬੋਰਡ ਨੇ ਵੀ ਮੰਗਲਵਾਰ ਨੂੰ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਵੀ ਕੀਤੀ ਸੀ। ਇਸ ਬੀਚ ‘ਤੇ ਪਿਛਲੇ ਹਫਤੇ ਦੇ ਅੰਤ ਵਿੱਚ ਘੱਟੋ ਘੱਟ 126,000 ਗੈਲਨ ਤੇਲ ਪ੍ਰਸ਼ਾਂਤ ਮਹਾਸਾਗਰ ਵਿੱਚ ਲੀਕ ਹੋਇਆ ਅਤੇ ਇਸ ਨੂੰ ਇਸ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਤੇਲ ਰਿਸਣਾ ਮੰਨਿਆ ਜਾਂਦਾ ਹੈ। ਇਸ ਤੇਲ ਫੈਲਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ਅਤੇ ਕਈ ਸਟੇਟ ਅਤੇ ਸਥਾਨਕ ਏਜੰਸੀਆਂ ਦੁਆਰਾ ਸਫਾਈ ਦੇ ਯਤਨਾਂ ਕੀਤੇ ਜਾ ਰਹੇ ਹਨ। ਨਿਊਸਮ ਦੁਆਰਾ ਕੀਤੀ ਐਮਰਜੈਂਸੀ ਘੋਸ਼ਣਾ ਤੋਂ ਬਾਅਦ ਸਫਾਈ ਵਿੱਚ ਸਹਾਇਤਾ ਲਈ ਵਾਧੂ ਕਰਮਚਾਰੀ ਵੀ ਭੇਜੇ ਗਏ ਹਨ। ਐਮਰਜੈਂਸੀ ਦੀ ਘੋਸ਼ਣਾ ਕਰਦਿਆਂ ਗੈਵਿਨ ਨਿਊਸਮ ਨੇ ਕਿਹਾ ਕਿ ਸਟੇਟ ਜਨਤਕ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਲਈ ਸਾਰੇ ਉਪਲੱਬਧ ਸਰੋਤਾਂ ਨੂੰ ਜੁਟਾਉਣ ਵੱਲ ਵਧ ਰਿਹਾ ਹੈ। ਤੇਲ ਫੈਲਣ ਤੋਂ ਬਾਅਦ ਬੀਚ ਲੰਬੇ ਸਮੇਂ ਲਈ ਬੰਦ ਹੋਣ ਦੀ ਸੰਭਾਵਨਾ ਦਾ ਸਾਹਮਣਾ ਕਰ ਰਿਹਾ ਹੈ।

Real Estate