ਅਮਰੀਕਾ: ਟੈਕਸਾਸ ‘ਚ ਸੰਦੀਪ ਸਿੰਘ ਦੇ ਨਾਮ ‘ਤੇ ਰੱਖਿਆ ਡਾਕਘਰ ਦਾ ਨਾਂ

117

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਪੰਜਾਬੀ ਲੋਕ ਦੁਨੀਆਂ ਵਿੱਚ ਜਿੱਥੇ ਵੀ ਜਾਂਦੇ ਹਨ, ਆਪਣੀ ਮਿਹਨਤ ਦੇ ਸਿਰ ‘ਤੇ ਮਾਣਮੱਤਾ ਮੁਕਾਮ ਹਾਸਲ ਕਰਦੇ ਹਨ । ਅਮਰੀਕਾ ਵਿੱਚ ਵੀ ਪੰਜਾਬੀ ਮੂਲ ਦੇ ਲੋਕਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ। ਕਾਰੋਬਾਰਾਂ ਅਤੇ ਹੋਰ ਖੇਤਰਾਂ ਦੇ ਨਾਲ ਨਾਲ ਪੰਜਾਬੀ ਲੋਕ ਅਮਰੀਕੀ ਪੁਲਿਸ, ਸੈਨਾ ਵਿੱਚ ਵੀ ਸੇਵਾਵਾਂ ਨਿਭਾਅ ਰਹੇ ਹਨ। ਅਜਿਹਾ ਹੀ ਇੱਕ ਪੰਜਾਬੀ ਮੂਲ ਦਾ ਵਿਅਕਤੀ ਸੰਦੀਪ ਸਿੰਘ ਧਾਲੀਵਾਲ ਅਮਰੀਕੀ ਪੁਲਿਸ ਵਿੱਚ ਅਫਸਰ ਸੀ, ਜਿਸਨੇ ਕਿ ਪੰਜਾਬੀ ਕੌਮ ਦਾ ਨਾਮ ਰੌਸਨ ਕੀਤਾ । ਟੈਕਸਾਸ ਦੇ ਪੱਛਮੀ ਹਿਊਸਟਨ ਵਿੱਚ ਇਕ ਡਾਕਘਰ ਦਾ ਨਾਂ ਬਦਲ ਕੇ ਇਸ ਭਾਰਤੀ-ਅਮਰੀਕੀ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਗਿਆ ਹੈ, ਜੋ ਕਿ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ। ਜਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਦੀ 2019 ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੰਦੀਪ ਧਾਲੀਵਾਲ (42) ਨੂੰ 27 ਸਤੰਬਰ 2019 ਨੂੰ ਉਸ ਸਮੇਂ ਗੋਲੀ ਮਾਰੀ ਗਈ ਸੀ, ਜਦੋਂ ਉਹ ਡਿਊਟੀ ‘ਤੇ ਸੀ। ਇਹ ਸਿੱਖ ਅਮਰੀਕੀ ਪੁਲਿਸ ਅਧਿਕਾਰੀ 2015 ਵਿੱਚ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਹ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਪਾਉਣ ਵਾਲਾ ਟੈਕਸਾਸ ਦਾ ਪਹਿਲਾ ਸਿੱਖ ਪੁਲਸ ਅਧਿਕਾਰੀ ਬਣਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦੀ ਯਾਦ ਵਿਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿੱਥੇ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਨਾਮ ਤਬਦੀਲੀ ਦਾ ਮਤਾ ਪੇਸ਼ ਕਰਨ ਵਾਲੀ ਮਹਿਲਾ ਸੰਸਦ ਮੈਂਬਰ ਲੀਜ਼ੀ ਫਲੇਚਰ ਨੇ ਕਿਹਾ ਕਿ 315 ਐਡਿਕਸ ਹਾਵੇਲ ਰੋਡ ਸਥਿਤ ਡਾਕਘਰ ਦਾ ਨਾਂ ਉਨ੍ਹਾਂ ਦੇ ਨਾਮ ਤੇ ਰੱਖਣਾ ਉਚਿਤ ਹੈ, ਕਿਉਂਕਿ ਉਨ੍ਹਾਂ ਨੇ ਭਾਈਚਾਰੇ ਦੀ ਸੇਵਾ ਲਈ ਆਪਣੀ ਜਾਨ ਦੇ ਦਿੱਤੀ ਸੀ।
ਫਲੈਚਰ ਅਨੁਸਾਰ ਧਾਲੀਵਾਲ ਦੇ ਨਿਰਸਵਾਰਥ ਸੇਵਾ ਵਾਲੇ ਜੀਵਨ ਨੂੰ ਯਾਦਗਾਰ ਬਨਾਉਣ ਵਿੱਚ ਇੱਕ ਭੂਮਿਕਾ ਨਿਭਾਅ ਕੇ, ਉਹ ਮਾਣ ਮਹਿਸੂਸ ਕਰ ਰਹੀ ਹੈ। ਇਸ ਇਮਾਰਤ ਦਾ ਨਾਂ ਬਦਲ ਕੇ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ’ ਰੱਖਣ ਲਈ ਇਕ ਬਿੱਲ ਪਾਸ ਕਰਨ ਲਈ ਭਾਈਚਾਰਕ ਭਾਈਵਾਲਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਕੰਮ ਕਲਕੇ ਫਲੈਚਰ ਨੇ ਖੁਸ਼ੀ ਪ੍ਰਗਟ ਕੀਤੀ।

Real Estate