ਅਮਰੀਕਾ: ਪਿਛਲੇ 4 ਸਾਲਾਂ ਦੌਰਾਨ ਈ-ਸਕੂਟਰ ਨਾਲ ਜੁੜੇ ਹਾਦਸਿਆਂ ‘ਚ ਹੋਇਆ ਵਾਧਾ

50

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਇਲੈਕਟ੍ਰਿਕ ਸਕੂਟਰਾਂ, ਇਲੈਕਟ੍ਰਿਕ ਬਾਈਕ, ਹੋਵਰਬੋਰਡਸ ਅਤੇ ਮਾਈਕਰੋ-ਮੋਬਿਲਿਟੀ ਵਾਹਨਾਂ ਨਾਲ ਜੁੜੇ ਹਾਦਸਿਆਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। ਯੂ ਐੱਸ ਕੰਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ (ਸੀ ਪੀ ਐੱਸ ਸੀ) ਦੇ ਅਨੁਸਾਰ, ਪਿਛਲੇ ਚਾਰ ਸਾਲਾਂ ਵਿੱਚ ਇਹਨਾਂ ਇਲੈਕਟ੍ਰਿਕ ਛੋਟੇ ਵਾਹਨਾਂ ਦੀ ਵਰਤੋਂ ਨਾਲ ਲੱਗੀਆਂ ਸੱਟਾਂ ਵਿੱਚ ਤਕਰੀਬਨ 70% ਵਾਧਾ ਹੋਇਆ ਹੈ। ਇਸ ਏਜੰਸੀ ਅਨੁਸਾਰ ਥੋੜ੍ਹੀ ਦੂਰੀ ਦੀ ਆਵਾਜਾਈ ਲਈ ਬੈਟਰੀ ਨਾਲ ਚੱਲਣ ਵਾਲੇ ਇਹਨਾਂ ਸਾਧਨਾਂ ਦੀ ਵਰਤੋਂ ਨਾਲ 2017 ਤੋਂ 2020 ਵਿਚਕਾਰ 190,000 ਤੋਂ ਵੱਧ ਲੋਕਾਂ ਹਸਪਤਾਲ ਪਹੁੰਚੇ ਹਨ ਅਤੇ ਘੱਟੋ ਘੱਟ 71 ਦੀ ਮੌਤ ਵੀ ਹੋਈ ਹੈ।
ਇਹਨਾਂ ਵਾਹਨਾਂ ਨਾਲ ਜੁੜੀਆਂ ਸੱਟਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ 2017 ਵਿੱਚ 34,000 ਅਤੇ ਪਿਛਲੇ ਸਾਲ 57,800 ਲੋਕ ਹਸਪਤਾਲ ਗਏ।ਸੀ ਪੀ ਐੱਸ ਸੀ ਨੇ ਦੱਸਿਆ ਕਿ ਵਧੇਰੇ ਲੋਕਾਂ ਨੂੰ ਸੱਟ ਲੱਗਣ ਦਾ ਸਭ ਤੋਂ ਵੱਧ ਕਾਰਨ ਈ-ਸਕੂਟਰ ਹਨ। ਪਿਛਲੇ ਸਾਲ 25,400 ਹਾਦਸੇ ਈ ਸਕੂਟਰ ਦੀ ਵਰਤੋਂ ਨਾਲ ਹੋਏ, ਜੋ ਕਿ 2017 ਵਿੱਚ 7,700 ਸਨ। ਏਜੰਸੀ ਅਨੁਸਾਰ ਛੋਟੇ, ਤੇਜ਼, ਬਿਨਾਂ ਆਵਾਜ਼, ਬਿਜਲੀ ਨਾਲ ਚੱਲਣ ਵਾਲੇ ਸਕੂਟਰ ਆਲੇ ਦੁਆਲੇ ਘੁੰਮਣ ਦਾ ਇੱਕ ਮਜ਼ੇਦਾਰ ਅਤੇ ਪ੍ਰਭਾਵਸ਼ਾਲੀ ਤਰੀਕਾ ਹੋ ਸਕਦੇ ਹਨ, ਪਰ ਇਸਦੀ ਅਸੁਰੱਖਿਅਤ ਸਵਾਰੀ ਅਤੇ ਟੱਕਰ ਕਾਰਨ ਗੰਭੀਰ ਸੱਟ ਜਾਂ ਮੌਤ ਹੋ ਸਕਦੀ ਹੈ। ਇਸ ਲਈ ਏਜੰਸੀ ਦੁਆਰਾ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਈ ਸਕੂਟਰਾਂ ਆਦਿ ਦੀ ਸਵਾਰੀ ਕਰਦੇ ਸਮੇਂ ਹੈਲਮਟ ਦੀ ਵਰਤੋਂ ਕਰਨ ਦੇ ਨਾਲ ਸੜਕ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ।

Real Estate