ਕਾਰ ‘ਤੇ ਕੀਤੀ ਗੋਲੀਬਾਰੀ ‘ਚ ਹੋਈ 11 ਸਾਲਾਂ ਬੱਚੀ ਦੀ ਮੌਤ

46

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਮਿਲਵਾਕੀ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ਵਿੱਚ ਇੱਕ 11 ਸਾਲਾਂ ਬੱਚੀ ਦੀ ਮੌਤ ਹੋ ਗਈ ਜਦਕਿ ਉਸਦੀ 5 ਸਾਲਾਂ ਭੈਣ ਜਖਮੀ ਹੋ ਗਈ। ਇਸ ਘਟਨਾ ਵਿੱਚ ਇੱਕ ਕਾਰ ਸਵਾਰ ਹਮਲਾਵਰ ਵੱਲੋਂ , ਰਾਸਤੇ ਵਿੱਚ ਜਾ ਰਹੀ ਦੂਜੀ ਕਾਰ ਉੱਤੇ ਗੋਲੀਬਾਰੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਮਰਨ ਵਾਲੀ 11 ਸਾਲਾਂ ਲੜਕੀ ਤਾਨੀਲਾ ਪਾਰਕਰ ਅਤੇ ਉਸਦੀ ਛੋਟੀ ਭੈਣ ਆਪਣੇ ਰਿਸ਼ਤੇਦਾਰਾਂ ਦੇ ਨਾਲ ਇੱਕ ਕਾਰ ਵਿੱਚ ਬੈਠੇ ਸਨ, ਇਸੇ ਦੌਰਾਨ ਇੱਕ ਦੂਜੀ ਗੱਡੀ ਨੇ ਰਾਤ 9 ਵਜੇ ਦੇ ਕਰੀਬ ਉਹਨਾਂ ‘ਤੇ ਗੋਲੀਬਾਰੀ ਹੋਈ। ਇਹ ਉੱਤਰ -ਪੱਛਮੀ ਮਿਲਵਾਕੀ ਦੇ ਸ਼ਰਮਨ ਪਾਰਕ ਇਲਾਕੇ ਵਿੱਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਲੱਗੀਆਂ ਦੋਵੇ ਭੈਣਾਂ ਨੂੰ ਫਿਰ ਨੇੜਲੇ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਪੈਰਾ -ਮੈਡੀਕਲ ਪਹੁੰਚਣ ਤੱਕ ਅਧਿਕਾਰੀਆਂ ਨੇ ਮੁੱਢਲੀ ਸਹਾਇਤਾ ਕੀਤੀ ਅਤੇ ਬਾਅਦ ਵਿੱਚ ਲੜਕੀਆਂ ਨੂੰ ਮਿਲਵਾਕੀ ਦੇ ਚਿਲਡਰਨ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਤਾਨੀਲਾ ਨੇ ਦਮ ਤੋੜ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਜਦਕਿ ਇਸ ਗੋਲੀਬਾਰੀ ਦੇ ਕਾਰਨਾਂ ਅਤੇ ਸ਼ੱਕੀ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

Real Estate