ਔਰਤ ਨੂੰ ਪਾਰਕ ਵਿੱਚ ਮਿਲਿਆ 4 ਕੈਰਟ ਦਾ ਹੀਰਾ

82

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਅਰਕਨਸਾਸ ਦੇ ਇੱਕ ਪਾਰਕ ਵਿੱਚ ਇੱਕ ਮਹਿਲਾ ਨੂੰ 4.38 ਕੈਰਟ ਦਾ ਇੱਕ ਪੀਲਾ ਹੀਰਾ ਮਿਲਿਆ ਹੈ। ਕੈਲੀਫੋਰਨੀਆ ਸਟੇਟ ਨਾਲ ਸਬੰਧਿਤ ਨੋਰੀਨ ਰੈਡਬਰਗ ਨਾਮ ਦੀ ਇਸ ਮਹਿਲਾ ਨੂੰ ਇਹ ਹੀਰਾ ਅਰਕਨਸਾਸ ਦੇ ‘ਕ੍ਰੇਟਰ ਆਫ ਡਾਇਮੰਡਸ ਸਟੇਟ ਪਾਰਕ’ ਵਿੱਚ ਮਿਲਿਆ । ਗ੍ਰੇਨਾਈਟ ਬੇਅ, ਕੈਲੀਫੋਰਨੀਆ ਦੀ ਨੋਰੀਨ ਰੈਡਬਰਗ ਆਪਣੇ ਪਤੀ ਮਾਈਕਲ ਨਾਲ 23 ਸਤੰਬਰ ਨੂੰ ਹੌਟ ਸਪਰਿੰਗਜ਼ ਨੈਸ਼ਨਲ ਪਾਰਕ ਦਾ ਦੌਰਾ ਕਰ ਰਹੀ ਸੀ, ਇਸੇ ਦੌਰਾਨ ਉਸਨੇ ਕ੍ਰੇਟਰ ਆਫ ਡਾਇਮੰਡਸ ਪਾਰਕ ਵਿੱਚ ਰੁਕਣ ਦਾ ਫੈਸਲਾ ਕੀਤਾ। ਨੋਰੀਨ ਅਨੁਸਾਰ ਉਸਨੇ ਹੀਰਿਆਂ ਵਾਲੇ ਇਸ ਪਾਰਕ ਨੂੰ ਪਹਿਲੀ ਵਾਰ ਕਈ ਸਾਲ ਪਹਿਲਾਂ ਇੱਕ ਟੀਵੀ ਸ਼ੋਅ ਵਿੱਚ ਵੇਖਿਆ ਸੀ। ਉਹ ਅਤੇ ਉਸਦਾ ਪਤੀ ਮੀਂਹ ਪੈਣ ਤੋਂ ਕੁੱਝ ਦਿਨ ਬਾਅਦ 23 ਸਤੰਬਰ ਨੂੰ ਪਾਰਕ ਵਿੱਚ ਗਏ, ਜਿਸ ਨਾਲ ਹੀਰਾ ਮਿਲਣ ਦੇ ਹਾਲਾਤ ਬਣ ਗਏ। ਅਰਕਾਨਸਾਸ ਇਕਲੌਤਾ ਅਜਿਹਾ ਸੂਬਾ ਹੈ, ਜਿੱਥੇ ਜਨਤਕ ਹੀਰੇ ਦੀ ਖਾਨ ਹੈ। ਜਦੋਂ ਸੈਲਾਨੀ ਹੀਰੇ ਲੱਭਦੇ ਹਨ, ਤਾਂ ਉਹ ਉਨ੍ਹਾਂ ਨੂੰ ਪਾਰਕ ਦੇ ਡਾਇਮੰਡ ਡਿਸਕਵਰੀ ਸੈਂਟਰ ਵਿੱਚ ਲੈ ਜਾਂਦੇ ਹਨ। ਇਸ ਸੈਂਟਰ ਨੇ ਹੀ ਰੇਡਬਰਗ ਨੂੰ ਮਿਲੇ ਹੀਰੇ ਦੀ ਪੁਸ਼ਟੀ ਕੀਤੀ ਸੀ। ਇਸ ਪਾਰਕ ਦੇ ਅਨੁਸਾਰ ਕ੍ਰੈਟਰ ਆਫ ਡਾਇਮੰਡਸ ਵਿਖੇ 1906 ਤੋਂ ਬਾਅਦ 75,000 ਤੋਂ ਜ਼ਿਆਦਾ ਹੀਰੇ ਖੋਜੇ ਗਏ ਹਨ। ਹਾਲਾਂਕਿ ਨੋਰੀਨ ਨੂੰ ਮਿਲੇ ਹੀਰੇ ਦੀ ਕੀਮਤ ਅਜੇ ਸ਼ਪੱਸ਼ਟ ਨਹੀਂ ਹੈ, ਪਰ ਪਾਰਕ ਅਨੁਸਾਰ 1990 ਵਿੱਚ ਪਾਰਕ ਵਿੱਚ ਮਿਲਿਆ 3.03 ਕੈਰਟ ਦਾ ਹੀਰਾ ਬਾਅਦ ਵਿੱਚ ਗੋਲ ਆਕਾਰ ਦੇ ਨਾਲ 1.09 ਕੈਰਟ ਵਿੱਚ ਕੱਟਿਆ ਗਿਆ ਸੀ ਅਤੇ ਸੋਨੇ ਦੀ ਮੁੰਦਰੀ ਵਿੱਚ ਸੈਟ ਕੀਤਾ ਗਿਆ। ਪਾਰਕ ਨੇ ਬਾਅਦ ਵਿੱਚ 34,000 ਡਾਲਰ ਵਿੱਚ ਰਿੰਗ ਖਰੀਦੀ ਸੀ।

Real Estate