ਟ੍ਰੈਫਿਕ ਟਿਕਟ ਬਣੀ ਰਿਟਰਨ ਟਿਕਟ ਨਿਊਜ਼ੀਲੈਂਡ ’ਚ ਭਾਰਤੀ ਮਹਿਲਾ ਨੂੰ ਵੀਜ਼ਾ ਅਰਜ਼ੀ ’ਚ ਟ੍ਰੈਫਿਕ ਅਪਰਾਧ ਨਾ ਦੱਸਣ ਕਰਕੇ ਦੇਸ਼ ਛੱਡਣ ਲਈ ਕਿਹਾ

101


ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 3 ਅਕਤੂਬਰ, 2021:- ਆਵਾਜ਼ਾਈ ਨਿਯਮਾਂ ਨੂੰ ਲੈ ਕੇ ਬਾਹਰੇ ਮੁਲਕਾਂ ਦੇ ਵਿਚ ਪ੍ਰਵਾਸੀ ਲੋਕ ਕਈ ਵਾਰ ਨਿਯਮਾਂ ਦੀ ਉਲੰਘਣਾ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਫਿਰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਟ੍ਰੈਫਿਕ ਅਪਰਾਧ ਕਿਸੇ ਨਾ ਕਿਸੇ ਕਾਰਨ ਹੋ ਜਾਂਦਾ ਹੈ। ਅਪਰਾਧ ਤੋਂ ਬਾਅਦ ਹਰਜ਼ਾਨਾ ਭਰ ਕੇ ਜਾਂ ਕੁਝ ਸਮਾਂ ਲਾਇਸੰਸ ਰੱਦ ਕਰਵਾ ਕੇ ਅਤੇ ਦੁਬਾਰਾ ਚਾਲੂ ਕਰਕੇ , ਵਿਅਕਤੀ ਵਾਹਨ ਚਲਾਉਂਦਾ ਤਾਂ ਰਹਿ ਜਾਂਦਾ ਹੈ ਪਰ ਇਸ ਗੱਲ ਦਾ ਖੁਲਾਸਾ ਉਸਨੂੰ ਭਵਿੱਖ ਦੇ ਵਿਚ ਕਈ ਥਾਵਾਂ ਉਤੇ ਕਰਨਾ ਪੈ ਸਕਦਾ ਹੈ ਜਿਸ ਕਰਕੇ ਇਸ ਬਾਰੇ ਲੁਕੋਅ ਰੱਖਣਾ ਬਹੁਤ ਮਹਿੰਗਾ ਸਾਬਿਤ ਹੋ ਸਕਦਾ ਹੈ। ਇਕ ਅਜਿਹਾ ਹੀ ਵਾਕਿਆ ਇਕ ਭਾਰਤੀ ਮਹਿਲਾ ਕਾਜਲ ਚੌਹਾਨ ਨਾਲ ਹੋਇਆ। ਇਹ ਵੀ ਉਦੋਂ ਦੇ ਖੁਸ਼ਗਵਾਰ ਮਾਹੌਲ ਵਿਚ ਜਦੋਂ ਸਰਕਾਰ 165,000 ਕੱਚੇ ਵਿਅਕਤੀਆਂ ਨੂੰ ਨੇੜ ਭਵਿੱਖ ਪੱਕਿਆ ਕਰਨ ਜਾ ਰਹੀ ਹੈ। ਇਸ ਮਹਿਲਾ ਨੂੰ ਟਰੈਫਿਕ ਅਪਰਾਧ ਕਰਕੇ ਦੇਸ਼ ਛੱਡਣ ਵਾਸਤੇ ਕਹਿ ਦਿੱਤਾ ਗਿਆ ਹੈ। ਇਸ 28 ਸਾਲਾ ਮਹਿਲਾ ਦਾ ਵੀਜ਼ਾ ਇਸ ਕਰਕੇ ਵਧਾਉਣ ਤੋਂ ਰੋਕ ਲਿਆ ਗਿਆ ਸੀ ਕਿ ਉਸਨੇ 22 ਅਕਤੂਬਰ 2019 ਦੇ ਵਿਚ ਕੀਤੇ ਟ੍ਰੈਫਿਕ ਅਪਰਾਧ (ਵਾਹਨ ਬਹੁਤ ਤੇਜ਼ ਚਲਾਉਣਾ) ਦਾ ਖੁਲਾਸਾ ਵੀਜ਼ਾ ਅਰਜ਼ੀ ਦੇ ਵਿਚ ਨਹੀਂ ਸੀ ਕੀਤਾ। ਓਵਰ ਸਟੇਅ ਹੋਣ ਤੋਂ ਬਾਅਦ ਇਸ ਮਹਿਲਾ ਦਾ ਵੀਜ਼ਾ ਕੇਸ ਇਮੀਗ੍ਰੇਸ਼ਨ ਐਕਟ 2009 ਦੀ ਸੰਵਿਧਾਨ ਧਾਰਾ-61 ਦੇ ਤਹਿਤ ਲੱਗਾ ਸੀ, ਜਿਸਦਾ ਹਾਂਪੱਖੀ ਫੈਸਲਾ ਮੰਤਰੀ ਦੀ ਸਹਿਮਤੀ ਉਤੇ ਹੋ ਸਕਦਾ ਹੈ, ਪਰ ਉਹ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਮਹਿਲਾ ਨੂੰ ਹੁਣ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਦੇਸ਼ ਵਾਪਿਸ ਪਰਤ ਜਾਓ। ਇਸ ਮਹਿਲਾ ਦਾ ਵਿਆਹ 22 ਅਕਤੂਬਰ 2020 ਨੂੰ ਹੋਇਆ ਸੀ ਅਤੇ ਇਸਦਾ ਪਤੀ ਇਥੇ ਦਾ ਪੱਕਾ ਵਸਨੀਕ ਹੈ। ਇਸ ਜੋੜੇ ਨੂੰ ਹੁਣ ਇਕੱਠਿਆਂ ਰਹਿਣ ਦੀ ਬਜਾਏ ਇਕੱਲੇ-ਇਕੱਲੇ ਰਹਿਣਾ ਪੈ ਸਕਦਾ ਹੈ ਤੇ ਪਤਨੀੇ ਦਾ ਵਾਪਿਸ ਚਲੇ ਜਾਣਾ ਨਾ ਮੰਨਣਯੋਗ ਹੋ ਸਕਦਾ ਹੈ। ਇਹ ਮਹਿਲਾ 2016 ਦੇ ਵਿਚ ਇਥੇ ਪੜ੍ਹਨ ਆਈ ਸੀ।
ਇਮੀਗ੍ਰੇਸ਼ਨ ਨੇ ਦੋਸ਼ ਲਾਇਆ ਹੈ ਕਿ ਇਸ ਮਹਿਲਾ ਨੇ ਟ੍ਰੈਫਿਕ ਅਪਰਾਧ ਦਾ ਆਪਣੀ ਵੀਜ਼ਾ ਅਰਜ਼ੀ ਦੇ ਵਿਚ ਖੁਲਾਸਾ ਨਹੀਂ ਸੀ ਕੀਤਾ। ਇਸ ਮਹਿਲਾ ਨੇ ਹੰਟਲੀ ਵਿਖੇ ਆਪਣੇ ਘਰ ਜਾਂਦਿਆ ਸੜਕੀ ਗਤੀ ਦੀ ਨਿਰਧਾਰਤ ਸੀਮਾਂ ਤੋਂ ਤੇਜ਼ ਵਾਹਨ ਚਲਾਇਆ ਸੀ, ਉਸ ਨੂੰ 6 ਮਹੀਨਿਆਂ ਲਈ ਵਾਹਨ ਚਲਾਉਣ ਤੋਂ ਰੋਕ ਦਿੱਤਾ ਗਿਆ ਸੀ ਅਤੇ ਜ਼ੁਰਮਾਨਾ ਵੀ ਹੋਇਆ ਸੀ। 4 ਅਗਸਤ ਨੂੰ ਇਹ ਮਹਿਲਾ ਓਵਰ ਸਟੇਅਰ ਹੋ ਗਈ ਸੀ ਅਤੇ ਫਿਰ ਧਾਰਾ 61 ਤਹਿਤ ਅਰਜ਼ੀ ਦਿੱਤੀ ਸੀ। ਇਸ ਮਹਿਲਾ ਨੇ ਸਪਸ਼ਟੀਕਰਨ ਦਿੰਦਿਆ ਕਿਹਾ ਕਿ ਉਸਨੇ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਨਹੀਂ ਸੀ ਕੀਤੀ, ਪਰ ਜਦੋਂ ਅਰਜ਼ੀ ਦਿੱਤੀ ਸੀ ਤਾਂ ਉਸਦੇ ਦਿਮਾਗ ਵਿਚ ਇਹ ਗੱਲ ਨਹੀਂ ਸੀ ਆਈ। ਇਸਨੇ ਆਪਣੇ ਇਮੀਗ੍ਰੇਸ਼ਨ ਵਕੀਲ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਸੀ ਪਰ ਉਹ ਵੀ ਇਸ ਨੂੰ ਸ਼ਾਮਿਲ ਕਰਨ ਵਿਚ ਅਸਫਲ ਰਹੇ। ਇਸ ਮਹਿਲਾ ਨੂੰ ਇਥੇ 5 ਸਾਲ ਆਈ ਨੂੰ ਹੋ ਗਏ ਹਨ, ਵਿਆਹ ਹੋ ਗਿਆ ਹੈ ਅਤੇ ਹੁਣ ਟ੍ਰੈਫਿਕ ਅਪਰਾਧ ਬਦਲੇ ਦੇਸ਼ ਛੱਡਣਾ ਪੈ ਰਿਹਾ ਹੈ।

Real Estate