ਅਮਰੀਕੀ ਕੋਸਟ ਗਾਰਡਾਂ ਨੇ ਸਮੁੰਦਰੀ ਰਾਸਤੇ ਆ ਰਹੇ 200 ਤੋਂ ਵੱਧ ਪ੍ਰਵਾਸੀਆਂ ਨੂੰ ਭੇਜਿਆ ਵਾਪਸ

58

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕੋਸਟ ਗਾਰਡਾਂ ਦੁਆਰਾ ਪਿਛਲੇ ਦਿਨਾਂ ਦੌਰਾਨ ਸਮੁੰਦਰ ਰਾਸਤੇ ਕਿਸ਼ਤੀ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 200 ਤੋਂ ਵੱਧ ਹੈਤੀਆਈ ਪ੍ਰਵਾਸੀਆਂ ਦੀ ਜਾਨ ਬਚਾ ਕੇ ਵਾਪਸ ਭੇਜਿਆ ਹੈ। ਕੋਸਟ ਗਾਰਡਾਂ ਦੁਆਰਾ ਬੁੱਧਵਾਰ ਨੂੰ ਹੈਤੀ ਦੇ ਕੈਪ ਡੂ ਮੋਲ ਤੋਂ 35 ਮੀਲ ਦੀ ਦੂਰੀ ‘ਤੇ 183 ਲੋਕਾਂ ਨੂੰ ਲੈ ਕੇ 55 ਫੁੱਟ ਦੀ ਇੱਕ ਕਿਸ਼ਤੀ ਨੂੰ ਰੋਕਿਆ ਗਿਆ ਅਤੇ ਲਾਈਫ ਜੈਕਟਾਂ ਮੁਹੱਈਆਂ ਕਰਵਾਈਆਂ। ਇਸ ਤੋਂ ਪਿਛਲੇ ਹਫਤੇ ਵੀ ਗਾਰਡਾਂ ਦੁਆਰਾ 77 ਲੋਕਾਂ ਦੇ ਸਮੂਹ ਨੂੰ ਰੋਕਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਇਹਨਾਂ ਪ੍ਰਵਾਸੀਆਂ ਨੂੰ ਕੁੱਝ ਦਿਨਾਂ ਬਾਅਦ ਹੈਤੀ ਵਾਪਸ ਭੇਜ ਦਿੱਤਾ ਗਿਆ ਸੀ। ਅਮਰੀਕੀ ਫੈਡਰਲ ਕਾਨੂੰਨ ਦੇ ਤਹਿਤ, ਕੋਸਟ ਗਾਰਡਾਂ ਕੋਲ ਅੰਤਰਰਾਸ਼ਟਰੀ ਪਾਣੀਆਂ ਵਿੱਚ ਇੱਕ ਜਹਾਜ਼ / ਕਿਸ਼ਤੀ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ। ਹੈਤੀ ਵਿੱਚ ਅਮਰੀਕੀ ਦੂਤਾਵਾਸ ਦੇ ਕੋਸਟ ਗਾਰਡ ਸੰਪਰਕ ਅਧਿਕਾਰੀ ਲੈਫਟੀਨੈਂਟ ਡੇਵਿਡ ਸਟੀਲ ਅਨੁਸਾਰ ਸਮੁੰਦਰੀ ਰਸਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀ ਅਕਸਰ ਬਹੁਤ ਜ਼ਿਆਦਾ ਭਾਰ ਅਤੇ ਸੁਰੱਖਿਆ ਉਪਕਰਣਾਂ ਤੋਂ ਬਿਨਾਂ ਹੁੰਦੇ ਹਨ ਅਤੇ ਇਸ ਕੋਸ਼ਿਸ਼ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆਈਆਂ ਹਨ। ਕੋਸਟ ਗਾਰਡ ਨੇ ਜਾਣਕਾਰੀ ਦਿੱਤੀ ਕਿ ਅਕਤੂਬਰ 2000 ਤੋਂ ਸਮੁੰਦਰ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ 1,328 ਲੋਕਾਂ ਨੂੰ
ਅਧਿਕਾਰੀਆਂ ਦੁਆਰਾ ਬਚਾਇਆ ਗਿਆ ਹੈ। ਜਿਹਨਾਂ ਵਿੱਚੋਂ ਤਕਰੀਬਨ 1,119 ਹੈਤੀਆਈ ਪ੍ਰਵਾਸੀ ਸਨ।

Real Estate