ਬਾਈਡੇਨ ਪ੍ਰਸ਼ਾਸਨ ਕੋਲੋਂ ਨੌਕਰੀ ਖੁੱਸਣ ਦਾ ਸਾਹਮਣਾ ਕਰ ਰਹੇ ਬਾਰਡਰ ਪੈਟਰੋਲ ਏਜੰਟਾਂ ਨੂੰ, ਟੈਕਸਾਸ ਦੇ ਗਵਰਨਰ ਵੱਲੋਂ ਨਿਯੁਕਤੀ ਦਾ ਭਰੋਸਾ

96

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਟੈਕਸਾਸ ਵਿੱਚ ਪਿਛਲੇ ਦਿਨੀਂ ਹਜ਼ਾਰਾਂ ਦੀ ਤਾਦਾਦ ਵਿੱਚ ਗੈਰਕਾਨੂੰਨੀ ਪ੍ਰਵਾਸੀ ਸਰਹੱਦ ਪਾਰ ਕਰਕੇ ਇੱਕ ਪੁਲ ਹੇਠਾਂ ਇਕੱਠੇ ਹੋ ਗਏ ਹਨ। ਬਾਈਡੇਨ ਪ੍ਰਸ਼ਾਸਨ ਵੱਲੋਂ ਇਸ ਸਮੱਸਿਆ ਲਈ ਕੁੱਝ ਹੱਦ ਤੱਕ ਬਾਰਡਰ ਪੈਟਰੋਲ ਏਜੰਟਾਂ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਪੈਟਰੋਲ ਏਜੰਟਾਂ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਹਨਾਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਏਜੰਟਾਂ ਨੇ ਆਪਣੇ ਘੋੜਿਆਂ ਦੀਆਂ ਲਗਾਮਾਂ ਦੀ ਵਰਤੋਂ ਪ੍ਰਵਾਸੀਆਂ ਨੂੰ ਰੋਕਣ ਲਈ ਕੋੜਿਆਂ ਦੇ ਰੂਪ ਵਿੱਚ ਕੀਤੀ।
ਇਸ ਲਈ ਕਈ ਪੈਟਰੋਲ ਏਜੰਟਾਂ ਨੂੰ ਬਾਈਡੇਨ ਦੁਆਰਾ ਸ਼ੁੱਕਰਵਾਰ ਨੂੰ ਦਿੱਤੀਆਂ ਟਿੱਪਣੀਆਂ ਤੋਂ ਬਾਅਦ ਆਪਣੀ ਨੌਕਰੀ ਖੁੱਸਣ ਦਾ ਡਰ ਹੈ। ਪਰ ਇਸ ਮਾਮਲੇ ਵਿੱਚ ਬੋਲਦਿਆਂ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ , ਉਹਨਾਂ ਦਾ ਸੂਬਾ ਕਿਸੇ ਵੀ ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਨੌਕਰੀ ‘ਤੇ ਰੱਖੇਗਾ, ਜਿਨ੍ਹਾਂ ਨੂੰ ਰਾਸ਼ਟਰਪਤੀ ਬਾਈਡੇਨ ਦੁਆਰਾ ਬਰਖਾਸਤ ਕੀਤੇ ਜਾਣ ਦਾ ਡਰ ਹੈ।ਇਸ ਰਿਪਬਲਿਕਨ ਗਵਰਨਰ ਨੇ ਕਿਹਾ ਕਿ ਉਹ ਟੈਕਸਾਸ ਦੀ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਲਈ ਇਹਨਾਂ ਏਜੰਟਾਂ ਨੂੰ ਨਿਯੁਕਤ ਕਰੇਗਾ। ਟੈਕਸਾਸ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਵਧ ਰਹੀ ਆਮਦ ਲਈ ਐਬੋਟ ਨੇ ਬਾਈਡੇਨ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ ਹੈ।

Real Estate