ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਤੇ ਵਿਵਾਦ

73

ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਅਮਰਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ। ਰਾਜ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅਧਿਕਾਰਤ ਤੌਰ ’ਤੇ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੀ ਦਿਓਲ ਦੀ ਨਿਯੁਕਤੀ ਪ੍ਰਭਾਵੀ ਹੋਵੇਗੀ। ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹਨ ਤੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਵੀ ਰਹਿ ਚੁੱਕੇ ਹਨ। ਉਹ ਸੈਣੀ ਖ਼ਿਲਾਫ਼ ਚੱਲ ਰਹੇ ਕਈ ਮਾਮਲਿਆਂ ਵਿਚ ਉਨ੍ਹਾਂ ਦੀ ਪੈਰਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਨਵੇਂ ਡੀ।ਜੀ।ਪੀ। ਇਕਬਾਲ ਪ੍ਰੀਤ ਸਹੋਤਾ ਦੀ ਨਿਯੁਕਤੀ ’ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ।ਦਿਓਲ ਨੂੰ ਐਡਵੋਕੇਟ ਜਨਰਲ ਬਣਾਏ ਜਾਣ ’ਤੇ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪ੍ਰਵਾਰਾਂ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ।ਪੀੜਤ ਪਰਵਾਰਾਂ ਦੇ ਮੈਂਬਰ ਸੁਖਰਾਜ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਕਾਤਲ ਸਾਬਕਾ ਡੀਜੀਪੀ ਸੈਣੀ ਦੀ ਵਕਾਲਤ ਕਰ ਰਹੇ ਵਕੀਲ ਨੂੰ ਏ।ਜੀ। ਲਾਉਣ ਨਾਲ ਬਹੁਤ ਨਿਰਾਸ਼ਾ ਹੋਈ ਹੈ ਇਸ ਤਰ੍ਹਾਂ ਇਨਸਾਫ਼ ਕਿਵੇਂ ਮਿਲੇਗਾ। ਜੋ ਵਕੀਲ ਪਹਿਲਾਂ ਸੈਣੀ ਦੇ ਕੇਸ ਲੜ ਕੇ ਉਸ ਨੂੰ ਕਿਸੇ ਵੀ ਕੇਸ ’ਚ 2022 ਤਕ ਦੀਆਂ ਚੋਣਾਂ ਤਕ ਹਾਈ ਕੋਰਟ ’ਚੋਂ ਗ੍ਰਿਫ਼ਤਾਰੀ ’ਤੇ ਰੋਕ ਲਵਾ ਚੁੱਕਾ ਹੈ ਅਤੇ ਪਿਛਲੇ ਦਿਨ ਵਿਜੀਲੈਂਸ ਹਿਰਾਸਤ ’ਚੋਂ ਭ੍ਰਿਸ਼ਟਾਚਾਰ ਦੇ ਕੇਸ ’ਚੋਂ ਅੱਧੀ ਰਾਤ ਨੂੰ ਹਾਈ ਕੋਰਟ ਤੋਂ ਮੁਕਤ ਕਰਵਾ ਚੁੱਕਾ ਹੈ ਤਾਂ ਉਹ ਹੁਣ ਸੈਣੀ ਖ਼ਿਲਾਫ਼ ਕਿਵੇਂ ਲੜੇਗਾ?
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ’ਤੇ ਮੁੜ ਵਿਚਾਰ ਹੋਵੇ। ਪੀੜਤ ਪ੍ਰਵਾਰ ਨੇ ਨਵੇਂ ਡੀਜੀਪੀ ਸਹੋਤਾ ਦੀ ਨਿਯੁਕਤੀ ਉਪਰ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਉਹੀ ਅਫ਼ਸਰ ਹੈ ਜਿਸਨੇ ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲੇ ’ਚ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ ਚਾਲ ਚੱਲੀ ਸੀ। ਇਸੇ ਦੌਰਾਨ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੈਂ ਦਿਓਲ ਨੂੰ ਨਹੀਂ ਜਾਣਦਾ ਤੇ ਜੇ ਨਿਯੁਕਤੀ ਹੋਈ ਹੈ ਤਾਂ ਨਿਯਮਾਂ ਮੁਤਾਬਕ ਹੀ ਹੋਈ ਹੋਵੇਗੀ। ਐਡਵੋਕੇਟ ਤਾਂ ਕਿਸੇ ਦਾ ਵੀ ਹੋ ਸਕਦਾ ਹੈ। ਪਰ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ ਅਤੇ ਜੇ ਕੋਈ ਗ਼ਲਤੀ ਹੋਈ ਹੈ ਤਾਂ ਮੁੜ ਵਿਚਾਰ ਵੀ ਹੋ ਸਕਦੀ ਹੈ। ਮੈਂ ਇਸ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਾਂਗਾ।

Real Estate