ਦਿੱਲੀ ਗੁਰਦੁਆਰਾ ਕਮੇਟੀ ਦਾ ਮਾਮਲਾ ਸਿੱਖ ਚਿੰਤਤਾਂ ਦਾ ਇਤਿਹਾਸ ਨੂੰ ਤੋੜ ਮਰੋੜ ਕੇ ਛਪਵਾਉਣ ਦਾ ਫਿਕਰ ਵਾਜਬ

95

ਬਠਿੰਡਾ, 27 ਸਤੰਬਰ, ਬਲਵਿੰਦਰ ਸਿੰਘ ਭੁੱਲਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਨਾਲ ਸਬੰਧਤ ਇੱਕ ਬਹੁਤ ਵੱਡਾ ਅਦਾਰਾ ਹੈ, ਜਿਸਦਾ ਅਰਬਾਂ ਰੁਪਏ ਦਾ ਬੱਜਟ ਹੈ। ਇਹ ਕਮੇਟੀ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਕਰਨ ਦੇ ਨਾਲ ਨਲ ਬਹੁਤ ਸਾਰੇ ਕਾਲਜ ਸਕੂਲ ਚਲਾਉਂਦੀ ਹੈ। ਇਸਤੋਂ ਇਲਾਵਾ ਸਿੱਖ ਇਤਿਹਾਸ ਨਾਲ ਸਬੰਧਤ ਅਤੇ ਧਾਰਮਿਕ ਗੰ੍ਰਥ ਪੁਸਤਕਾਂ ਆਦਿ ਛਪਵਾਉਣ ਦਾ ਵੱਡਾ ਕਾਰਜ ਵੀ ਕਰਦੀ ਹੈ। ਸਿੱਖ ਧਰਮ ਲਈ ਇਸਦਾ ਰੋਲ ਅਤੀ ਮਹੱਤਵਪੂਰਨ ਹੈ। ਇਸ ਕਮੇਟੀ ਨੂੰ ਬਕਾਇਦਾ ਸਿੱਖ ਧਰਮ ਨਾਲ ਸਬੰਧਤ ਲੋਕ ਵੋਟਾਂ ਨਾਲ ਚੁਣਦੇ ਹਨ, ਜਿਸਦਾ ਮੁੱਖੀ ਕਮੇਟੀ ਦਾ ਪ੍ਰਧਾਨ ਹੁੰਦਾ ਹੈ, ਜੋ ਹਰ ਕੰਮ ਲਈ ਪੂਰਾ ਜੁਮੇਵਾਰ ਹੁੰਦਾ ਹੈ। ਇਸ ਕਮੇਟੀ ਦਾ ਮੌਜੂਦਾ ਕਮੇਟੀ ਤੋਂ ਪਹਿਲਾਂ ਸ੍ਰ: ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਰਿਹਾ ਹੈ, ਜਿਹਨਾਂ ਦਾ ਸਿਆਸੀ ਸਬੰਧ ਤਾਂ ਭਾਵੇਂ ਭਾਜਪਾ ਨਾਲ ਹੈ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਣਾਇਆ ਗਿਆ ਸੀ। ਪਿਛਲੇ ਮਹੀਨੇ ਪਹਿਲਾਂ ਮੁੜ ਚੋਣਾਂ ਹੋਈਆਂ ਤਾਂ ਬਾਦਲ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਨੇ ਸ੍ਰ: ਸਿਰਸਾ ਨੂੰ ਮੁੜ ਪ੍ਰਧਾਨ ਬਣਾਉਣ ਦੇ ਇਰਾਦੇ ਨਾਲ ਚੋਣ ਲੜਾਈ, ਪਰ ਉਹ ਹਾਰ ਗਏ। ਸ੍ਰ: ਬਾਦਲ ਉਹਨਾਂ ਨੂੰ ਹਰ ਹਾਲ ਪ੍ਰਧਾਨ ਬਣਾਉਣਾ ਚਾਹੁੰਦੇ ਸਨ, ਇਸ ਲਈ ਕਮੇਟੀ ਤੇ ਕਬਜਾ ਕਰਨ ਉਪਰੰਤ ਉਹਨਾਂ ਨਾਮਜਦ ਕੀਤੇ ਜਾਣ ਵਾਲੇ ਉਮੀਦਵਾਰਾਂ ਵਿੱਚ ਨਾਂ ਸ਼ਾਮਲ ਕਰਕੇ ਉਹਨਾਂ ਨੂੰ ਮੈਂਬਰ ਬਣਾਇਆ ਤੇ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ।
ਸ੍ਰ: ਸਿਰਸਾ ਨੂੰ ਇਹ ਅਤੀ ਮਹੱਤਵਪੂਰਨ ਅਹੁਦਾ ਦੇਣ ਵਿਰੁੱਧ ਦਿੱਲੀ ਕਮੇਟੀ ਦੇ ਇੱਕ ਮੈਂਬਰ ਸ੍ਰ: ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਰਕਾਰ ਵੱਲੋਂ ਸਥਾਪਤ ਗੁਰਦੁਆਰਾ ਚੋਣ ਕਮਿਸਨ ਕੋਲ ਰਿੱਟ ਦਾਇਰ ਕਰ ਦਿੱਤੀ ਕਿ ਸ੍ਰ: ਸਿਰਸਾ ਮੈਂਬਰ ਬਣਨ ਦੀਆਂ ਸਰਤਾਂ
ਹੀ ਪੂਰੀਆਂ ਨਹੀਂ ਕਰਦੇ। ਇਸ ਰਿੱਟ ਤੇ ਸੁਣਵਾਈ ਕਰਦਿਆਂ ਕਮਿਸਨ ਨੇ ਸ੍ਰ: ਸਿਰਸਾ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਇੱਕ ਪੰਨੇ ਤੋਂ ਪਾਠ ਪੜ੍ਹ ਕੇ ਸੁਣਾਉਣ ਦਾ ਹੁਕਮ ਦਿੱਤਾ, ਪਰ ਉਹ ਸ਼ੁੱਧ ਪਾਠ ਨਾ ਕਰ ਸਕੇ ਅਤੇ ਗੁਰਮੁੱਖੀ ਸ਼ਬਦਾਂ ਦਾ ਸਹੀ ਉਚਾਰਣ ਵੀ ਨਾ ਕਰ
ਸਕੇ। ਇਸ ਉਪਰੰਤ ਉਹਨਾਂ ਨੂੰ ਆਪਣੀ ਮਰਜੀ ਨਾਲ ਹੀ 65 ਸ਼ਬਦ ਗੁਰਮੁੱਖੀ ਪੰਜਾਬੀ ਦੇ ਲਿਖਣ ਲਈ ਕਿਹਾ ਗਿਆ, ਉਹਨਾਂ ਜਦ ਇਹ ਸ਼ਬਦ ਲਿਖਕੇ ਕਮਿਸਨ ਦੇ ਪੇਸ਼ ਕੀਤੇ ਤਾਂ ਉਹਨਾਂ ਵਿੱਚੋਂ 46 ਸ਼ਬਦ ਗਲਤ ਸਨ। ਮਿਸਾਲ ਵਜੋਂ ਲਿਖਣ ਨੂੰ ਲਿਖਨ, ਵਾਸਤੇ ਨੂੰ ਵਾਮਤੇ, ਤਿਆਰ ਨੂੰ ਤਆਰ, ਸਾਹਿਬ ਨੂੰ ਸਹੀਬ, ਮੇਰਾ ਨੂੰ ਮੈਰਾ, ਤਰੀਕੇ ਨੂੰ ਤਰਿਕੇ ਆਦਿ ਲਿਖਿਆ ਹੋਇਆ ਸੀ। ਹੁਣ ਸਵਾਲ ਉਠਦੈ ਕਿ ਬਾਦਲ ਦਲ ਨੇ ਕਿਹੜੇ ਗੁਣ ਵੇਖ ਕੇ ਸ੍ਰ: ਸਿਰਸਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਸੀ?
ਜਿਹੜਾ ਵਿਅਕਤੀ ਗੁਰਮੁੱਖੀ ਸਹੀ ਲਿਖ ਨਹੀਂ ਸਕਦਾ, ਸਹੀ ਉਚਾਰਣ ਨਹੀਂ ਕਰ ਸਕਦਾ, ਕੀ ਉਸਤੋਂ ਜੁਮੇਵਾਰੀ ਤੇ ਮਰਯਾਦਾ ਨਿਭਾਉਣ ਦੀ ਆਸ ਰੱਖੀ ਜਾ ਸਕਦੀ ਹੈ? ਕੀ ਉਹ ਸਿੱਖ ਇਤਿਹਾਸ ਦੀਆਂ ਪੁਸਤਕਾਂ ਜਾਂ ਗ੍ਰੰਥ ਆਦਿ ਸੁੱਧਤਾ ਨਾਲ ਛਪਵਾ ਸਕੇਗਾ? ਲੰਬੇ ਸਮੇਂ ਤੋਂ ਸਿੱਖ ਚਿੰਤਤ ਸਿੱਖ ਪੰਥ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਹਨ ਕਿ ਆਰ ਐਸ ਐਸ ਵੱਲੋਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਤਬਦੀਲੀਆਂ ਕਰਕੇ ਛਪਵਾਇਆ ਜਾ ਰਿਹਾ ਹੈ। ਹੁਣ ਸ੍ਰ: ਸਿਰਸਾ ਦੀ ਪ੍ਰਧਾਨਗੀ ਦੇ ਮਾਮਲੇ ਨੇ ਇਹ ਚਿੰਤਾ ਸਪਸ਼ਟ ਕਰ ਦਿੱਤੀ ਹੈ। ਜਦੋਂ ਗੁਰਦੁਆਰਾ ਸਾਹਿਬਾਨਾਂ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਜਪਾ ਨਾਲ ਸਬੰਧ ਰੱਖਣ ਵਾਲੇ ਅਤੇ ਗੁਰਮੁੱਖੀ ਤੋਂ ਅਣਜਾਣ ਵਿਅਕਤੀ ਨੂੰ ਬਣਾਇਆ ਜਾਵੇਗਾ ਤਾਂ ਫਿਕਰ ਹੋਣਾ ਵਾਜਬ ਹੈ। ਕੀ ਸਿੰਘ ਸਾਹਿਬ ਇਸ ਸਾਰੇ ਮਾਮਲੇ ਤੇ ਧਿਆਨ ਦੇਣਗੇ?
ਕੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਅਹੁਦੇ ਤੇ ਪਹੁੰਚਣ ਵਾਲੇ ਅਤੇ ਉਸਦਾ ਪੱਖ ਪੂਰਨ ਵਾਲਿਆਂ ਨੂੰ ਲੋਕਾਂ ਸਾਹਮਣੇ ਬੇਪਰਦ ਕੀਤਾ ਜਾਵੇਗਾ?

Real Estate