ਦੋ ਸਭ ਤੋਂ ਵੱਡੇ ਲੋਕਤੰਤਰਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਤੇ ਨਜ਼ਦੀਕ ਹੋਣੇ ਚਾਹੀਦੇ ਹਨ – ਬਾਈਡਨ

216

• ਦੋਵੇਂ ਦੇਸ਼ ਵੱਡੀਆਂ ਚੁਣੌਤੀਆਂ ਨੂੰ ਹਰਾ ਸਕਦੇ ਹਨ-ਮੋਦੀ • ਵਾਈਟ ਹਾਊਸ ਵਿਖੇ ਦੋਵਾਂ ਆਗੂਆਂ ਵਿਚਾਲੇ ਇਕ ਘੰਟੇ ਤੋਂ ਵੱਧ ਚੱਲੀ ਗੱਲਬਾਤ • ਕੋਵਿਡ ਤੇ ਜਲਵਾਯੂ ਤਬਦੀਲੀ ਰਹੇ ਅਹਿਮ ਮੁੱਦੇ . ਕਿਸਾਨ ਹਿਤੈਸ਼ੀ ਅਮਰੀਕੀ ਭਾਰਤੀਆਂ ਵੱਲੋਂ ਮੋਦੀ ਦਾ ਕਈ ਥਾਂਈਂ ਵਿਰੋਧ.
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਵਾਸ਼ਿੰਗਟਨ/ ਫਰਿਜ਼ਨੋ (ਅਮਰੀਕਾ) 25 ਸਤੰਬਰ:
ਸੰਯੁਕਤ ਰਾਸ਼ਟਰ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਲਈ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਵੱਡੀਆਂ ਕੰਪਨੀਆਂ ਦੇ ਸੀ ਈ ਓ ਨਾਲ ਮੁਲਾਕਾਤਾਂ ਕਰ ਰਹੇ ਹਨ, ਉੱਥੇ ਉਹਨਾਂ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲੀ ਹੈਰਿਸ ਨਾਲ ਵੀ ਗੱਲਬਾਤ ਕੀਤੀ ਇਸੇ ਤਰੀਕੇ ਉਹਨਾਂ ਵਲੋਂ ਵਾਈਟ ਹਾਊਸ ‘ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਆਪਣੀ ਪਹਿਲੀ ਦੁਵੱਲੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਦੋਵਾਂ ਨੇਤਾਵਾਂ ਵਲੋਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਗਿਆ | ਮੀਟਿੰਗ ਦੌਰਾਨ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ, ਕੋਵਿਡ-19, ਲੋਕਤੰਤਰੀ ਕਦਰਾ ਕੀਮਤਾਂ, ਜਲਵਾਯੂ ਤਬਦੀਲੀ, ਆਰਥਿਕ ਸਹਿਯੋਗ, ਅਫ਼ਗਾਨਿਸਤਾਨ ਸਮੇਤ ਵੱਖ-ਵੱਖ ਤਰਜੀਹੀ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ | ਬਾਈਡਨ ਨੇ ਕਿਹਾ ਕਿ ਵਿਸ਼ਵ ਅਗਲੇ ਹਫ਼ਤੇ ਮਹਾਤਮਾ ਗਾਂਧੀ ਦਾ ਜਨਮ ਦਿਨ ਮਨਾਏਗਾ, ਜਿਨ੍ਹਾਂ ਦਾ ਅਹਿੰਸਾ, ਸਤਿਕਾਰ ਤੇ ਸਹਿਣਸ਼ੀਲਤਾ ਦਾ ਸੰਦੇਸ਼ ਅੱਜ ਸ਼ਾਇਦ ਪਹਿਲਾਂ ਨਾਲੋਂ ਜ਼ਿਆਦਾ ਪ੍ਰਸੰਗਿਕ ਹੋ ਗਿਆ ਹੈ | ਬਾਈਡਨ ਨੇ ਕਿਹਾ ਕਿ ਅਸੀ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦੇ ਨਵੇਂ ਅਧਿਆਏ ਨੂੰ ਦੇਖ ਰਹੇ ਹਾਂ ਤੇ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਤੇ ਨਜ਼ਦੀਕ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਵਿਸ਼ਵਾਸ਼ ਕਰਦਾ ਹਾਂ ਕਿ ਅਮਰੀਕਾ-ਭਾਰਤ ਸਬੰਧ ਬਹੁਤ ਸਾਰੀਆਂ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ‘ਚ ਮਦਦ ਕਰ ਸਕਦੇ ਹਨ | ਬਾਈਡਨ ਨੇ ਕਿਹਾ ਕਿ ਮੈਂ 2006 ‘ਚ ਹੀ ਕਹਿ ਦਿੱਤਾ ਸੀ ਕਿ 2020 ਤੱਕ ਅਮਰੀਕਾ ਤੇ ਭਾਰਤ ਦੁਨੀਆ ਦੇ ਸਭ ਤੋਂ ਨੇੜਲੇ ਦੇਸ਼ਾਂ ‘ਚ ਸ਼ਾਮਿਲ ਹੋਣਗੇ ਤੇ ਅੱਜ ਅਸੀ ਸਭ ਤੋਂ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ ਦਾ ਇਕ ਅਧਿਆਏ ਆਰੰਭ ਕਰ ਰਹੇ ਹਾਂ | ਪ੍ਰਧਾਨ ਮੰਤਰੀ ਮੋਦੀ ਨੇ ਬਾਈਡਨ ਨੂੰ ਕਿਹਾ ਕਿ ਅਸੀ ਇਸ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ‘ਚ ਮਿਲ ਰਹੇ ਹਾਂ ਤੇ ਤੁਹਾਡੀ ਲੀਡਰਸ਼ਿਪ ਨਿਸਚਿਤ ਰੂਪ ‘ਚ ਇਸ ‘ਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਕਿ ਇਹ ਦਹਾਕਾ ਕਿਵੇਂ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਨੂੰ ਹੋਰ ਡੂੰਘਾ ਕਰਨ ਲਈ ਬੀਜ ਬੀਜੇ ਗਏ ਹਨ ਤੇ ਮੈਨੂੰ ਖੁਸ਼ੀ ਹੈ ਕਿ ਭਾਰਤੀ ਪ੍ਰਵਾਸੀ ਅਮਰੀਕਾ ਦੀ ਤਰੱਕੀ ‘ਚ ਸਰਗਰਮ ਯੋਗਦਾਨ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਪ੍ਰਤੀਭਾ ਦੀ ਵਰਤੋਂ ਵਧੇਰੇ ਵਿਸ਼ਵਵਿਆਪੀ ਭਲਾਈ ਤੇ ਤਕਨੀਕ ਦਾ ਲਾਭ ਲੈਣ ਲਈ ਕਰਨੀ ਚਾਹੀਦੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਹਾਕੇ ‘ਚ ਭਾਰਤ-ਅਮਰੀਕਾ ਸੰਬੰਧਾਂ ‘ਚ ਵਪਾਰ ਇਕ ਮਹੱਤਵਪੂਰਨ ਕਾਰਕ ਹੋਵੇਗਾ ਤੇ ਇਸ ਗੱਲ ਨੂੰ ਧਿਆਨ ‘ਚ ਰੱਖਦਿਆਂ ਖੇਤਰ ‘ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਵੱਡੀਆਂ ਚੁਣੌਤੀਆਂ ਨੂੰ ਮਿਲਕੇ ਹਰਾ ਸਕਦੇ ਹਨ | ਇਸ ਸਾਲ ਜਨਵਰੀ ‘ਚ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣਨ ਉਪਰੰਤ ਜੋ ਬਾਈਡਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਹੈ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 2014 ‘ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 7ਵੀਂ ਵਾਰ ਅਮਰੀਕਾ ਦਾ ਦੌਰਾ ਕਰ ਰਹੇ ਹਨ | ਇਸ ਮੌਕੇ ਦੋਵਾਂ ਆਗੂਆਂ ਵਲੋਂ ਭਾਰਤ ਤੇ ਅਮਰੀਕਾ ਵਿਚਾਲੇ ਡੂੰਘੇ ਸਬੰਧਾਂ ਨੂੰ ਮਜ਼ਬੂਤ ਕਰਨ, ਇਕ ਖੁੱਲ੍ਹੇ ਤੇ ਸੁਤੰਤਰ ਹਿੰਦ-ਪ੍ਰਸ਼ਾਂਤ ਖੇਤਰ ਨੂੰ ਕਾਇਮ ਰੱਖਣ, ਕੋਵਿਡ-19 ਨਾਲ ਨਜਿੱਠਣ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ ਹਰ ਮੁੱਦੇ ‘ਤੇ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟ ਕੀਤੀ ਗਈ | ਦੱਸਣਯੋਗ ਹੈ ਕਿ ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤ ਵਿੱਚ ਪਿਛਲੇ ਤਕਰੀਬਨ 10 ਮਹੀਨਿਆਂ ਤੋਂ ਲਗਾਤਾਰ ਵਿਰੋਧ ਜਾਰੀ ਹੈ। ਇਸ ਵਿਰੋਧ ਦੇ ਚਲਦਿਆਂ ਮੋਦੀ ਸਰਕਾਰ ਵਿਰੁੱਧ ਧਰਨੇ, ਪ੍ਰਦਰਸ਼ਨ ਅਤੇ ਦਿੱਲੀ ਵਿੱਚ ਪੱਕਾ ਕਿਸਾਨ ਮੋਰਚਾ ਜਾਰੀ ਹੈ। ਭਾਰਤ ਦੇ ਇਲਾਵਾ ਵਿਦੇਸ਼ਾਂ ਵਿੱਚ ਵੀ ਕਿਸਾਨ ਹਿਤੈਸ਼ੀ ਲੋਕਾਂ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਗਿਆ ਹੈ। ਇਸੇ ਵਿਰੋਧ ਤਹਿਤ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਇਹਨੀ ਦਿਨੀਂ ਅਮਰੀਕਾ ਦੇ ਵਾਸਿੰਗਟਨ ਡੀਸੀ ਸਮੇਤ ਕਈ ਥਾਵਾਂ ‘ਤੇ ਕਿਸਾਨ ਹਿਤੈਸ਼ੀ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਜ਼ਬਰਦਸਤ ਵਿਰੋਧ ਕੀਤਾ ਹੈ।

Real Estate