ਵਪਾਰੀਆਂ ਨੇ ਸਸਤੀਆਂ ਜ਼ਮੀਨਾਂ ਵੱਲ ਮੁਹਾਰਾਂ ਮੋੜੀਆਂ

178

ਸ੍ਰੀ ਮੁਕਤਸਰ ਸਾਹਿਬ 25 ਸਤੰਬਰ (ਕੁਲਦੀਪ ਸਿੰਘ ਘੁਮਾਣ) ਸ਼ਹਿਰੀ ਜਾਇਦਾਦ ਦੀ ਵਕਤੀ ਤੇਜ਼ੀ ਨੂੰ ਬਰੇਕਾਂ ਲੱਗ ਗਈਆਂ ਹਨ ਅਤੇ ਲੰਮੀ ਸੋਚ ਵਾਲੇ ਵਪਾਰੀਆਂ ਨੇ ਜ਼ਮੀਨਾਂ ਵੱਲ ਰੁੱਖ ਕਰ ਲਿਆ ਹੈ । ਸਾਲ 2006-07 ਵਿੱਚ ਸਿਖਰ ‘ਤੇ ਪਹੁੰਚੀਆਂ ਕੀਮਤਾਂ ਵਿੱਚ ਜਿੰਨ੍ਹਾਂ ਲੋਕਾਂ ਨੇ ਸੌਦੇ ਖਰੀਦੇ ਸਨ , ਉਹ 2019-20 ਤੱਕ ਬੁਰੀ ਤਰ੍ਹਾਂ ਥੱਕ ਹਾਰ ਚੁੱਕੇ ਸਨ। ਤੇਰਾਂ ਚੌਦਾਂ ਸਾਲਾਂ ਵਿੱਚ ਉਹਨਾਂ ਦੀਆਂ ਜਰੂਰਤਾਂ ਵੀ ਵਧ ਗਈਆਂ ਹਨ ਅਤੇ ਕੀਮਤਾਂ ਵਧਣ ਦੀਆਂ ਉਮੀਦਾਂ ਵੀ ਲੱਗਭੱਗ ਖਤਮ ਹੋ ਗਈਆਂ ਸਨ ਜਿਸ ਕਰਕੇ ਉਨ੍ਹਾਂ ਨੇ ਤੁਛ ਜਿਹੀਆਂ ਕੀਮਤਾਂ ‘ਤੇ ਸੌਦੇ ਵੇਚ ਦਿੱਤੇ ਪਰ ਇਸ ਕਾਰੋਬਾਰ ‘ਤੇ ਬਾਜ਼ ਅੱਖ ਰੱਖਣ ਵਾਲੇ ਵਪਾਰੀਆਂ ਨੇ ਬਹੁਤੇ ਸੌਦੇ ਖਰੀਦ ਲਏ ਅਤੇ ਕਰਮਸ਼ੀਲ ਥਾਵਾਂ ‘ਤੇ ਆਪਣੀ ਇਜਾਰੇਦਾਰੀ ਕਾਇਮ ਕਰ ਲਈ । ਸਾਲ ਦੋ ਸਾਲਾਂ ਵਿੱਚ ਹੀ ਆਪਣੀ ਰਕਮ ਦੋ ਗੁਣਾ ਕਰਕੇ , ਮਾਰਕੀਟ ਵਿੱਚੋਂ ਫੇਰ ਰਫੂ ਚੱਕਰ ਹੋ ਗਏ। ਜਿਹੜੇ ਖਰੀਦਦਾਰਾਂ ਨੇ ਇਹ ਸੋਚ ਕੇ ਮਹਿੰਗੇ ਭਾਅ ਸੌਦੇ ਖਰੀਦ ਕੇ ਰਜਿਸਟਰੀਆਂ ਕਰਵਾ ਲਈਆਂ ਕਿ ਹੁਣ ਸਾਡੀਆਂ ਰਕਮਾਂ ਵੀ ਦੋ ਗੁਣਾਂ ਹੋ ਜਾਣਗੀਆਂ ਉਨ੍ਹਾਂ ਨੂੰ ਕੌਣ ਸਮਝਾਵੇ ਕਿ ਕੱਦੂਆਂ ਨੂੰ ਰਾਤੋ ਰਾਤ ਟੀਕਾ ਲਾਉਂਣ ਤੋਂ ਬਾਅਦ ਸਾਈਜ਼ ਦੋ ਗੁਣਾਂ ਤਾਂ ਜ਼ਰੂਰ ਹੋ ਜਾਂਦਾ ਹੈ ਪਰ ਚਾਰ ਗੁਣਾਂ ਨਹੀਂ । ਜਿਹੜੇ ਕੱਦੂਆਂ ਦਾ ਸਾਈਜ਼ ਚਾਰ ਗੁਣਾਂ ਹੋ ਵੀ ਜਾਂਦਾ ਹੈ ਉਨ੍ਹਾਂ ਦਾ ਬਜ਼ਾਰ ਵਿੱਚ ਖਰੀਦਾਰ ਕੋਈ ਨਹੀਂ ਹੁੰਦਾ। ਹਾਂ ਉਨ੍ਹਾਂ ਦੇ ਤੂੰਬੇ ਜ਼ਰੂਰ ਬਣਦੇ ਹਨ , ਜਿੰਨ੍ਹਾਂ ‘ਤੇ ਬੱਕਰੇ ਦੀ ਖੱਲ ਮੜ੍ਹ ਕੇ , ਉੱਤੇ ਤਾਰ ਕੱਸ ਕੇ ਫ਼ਕੀਰ ਲੋਕ ਗਲੀਆਂ ਵਿੱਚ ਮੰਗਦੇ ਤੇ ਗਾਉਂਦੇ ਫਿਰਦੇ ਹਨ ।
” ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ”‌
ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਹੋਏ ਥਿੰਕ ਟੈਂਕਾਂ ਦਾ ਮੰਨਣਾ ਹੈ ਕਿ ਸਾਲ 2007 ਦੌਰਾਨ ਜਿਸ ਭਾਅ ਤੋਂ ਕੀਮਤਾਂ ਹੇਠਾਂ ਡਿੱਗੀਆਂ ਸਨ , 2019–2020 ਦੇ ਦੌਰਾਨ ਮਸਾਂ ਓਨ੍ਹਾਂ ਕੀਮਤਾਂ ਦੇ ਬਰਾਬਰ ਪਹੁੰਚੀਆਂ ਸਨ। ਪਿਛਲੇ ਬਾਰਾਂ ਤੇਰਾਂ ਸਾਲਾਂ ਦੌਰਾਨ ਨਿਰਾਸ਼ ਹੋਏ ਜ਼ਰੂਰਤਮੰਦ ਲੋਕਾਂ ਨੇ ਜਿਵੇਂ ਹੀ ਜਾਇਦਾਦਾਂ ਵੇਚੀਆਂ , ਵਪਾਰੀ ਵਰਗ ਦੀ ਬਾਜ਼ ਅੱਖ ਨੇ ਨਾਲੋ-ਨਾਲ ਬੋਚ ਲਈਆਂ। ਸਾਲ ਦੋ ਸਾਲ ਵਿੱਚ ਹੀ ਆਪਣੀਆਂ ਰਕਮਾਂ ਦੁੱਗਣੀਆਂ ਕਰ ਲਈਆਂ।
ਭਾਵੇਂ ਕਿ ਸ਼ਹਿਰ ਦੇ ਚਾਰ-ਚੁਫੇਰੇ ਬਾਈਪਾਸ ਦੇ ਅੰਦਰ ਸੈਂਕੜੇ ਏਕੜ ਜ਼ਮੀਨ ਵਿੱਚ ਪਲਾਟ ਕੱਟੇ ਪਏ ਹਨ ਜਿੰਨ੍ਹਾਂ ਨੂੰ ਆਮ ਲੋਕਾਂ ਨੇ ਸਾਲ 2006-07 ਦੌਰਾਨ ਮਹਿੰਗੀਆਂ ਕੀਮਤਾਂ ‘ਤੇ ਖਰੀਦਿਆ ਸੀ ਪਰ 2007 ਵਿੱਚ ਆਈ ਮੰਦੀ ਨੇ ਉਨ੍ਹਾਂ ਪਲਾਟਾਂ ਦੀਆਂ ਕੀਮਤਾਂ ਅੱਧੀਆਂ ਹੀ ਰਹਿਣ ਦਿੱਤੀਆਂ ਸਨ। ਹੁਣ ਬੜੀ ਮੁਸਕਲ ਨਾਲ ਸਾਲ 2007 ਦੀਆਂ ਕੀਮਤਾਂ ਦੇ ਬਰਾਬਰ ਪਹੁੰਚੇ ਹੀ ਸਨ ਕਿ ਭੂ-ਮਾਫੀਏ ਨੇ ਬਾਈਪਾਸ ਤੋਂ ਬਾਹਰ ਫੇਰ ਕਲੋਨੀਆਂ ਕੱਟ ਦਿੱਤੀਆਂ ਅਤੇ ਮੋਟੇ ਮੁਨਾਫੇ ਲੈ ਕੇ ਵੇਚ ਦਿੱਤੀਆਂ ।
” ਸਾਧੂ ਚੱਲਦੇ ਭਲੇ ਨਗਰੀ ਵੱਸਦੀ ਭਲੀ ” ਦੀ ਕਹਾਵਤ ਅਨੁਸਾਰ, ਜੋਗੀਆਂ ਵਾਲੀ ਫੇਰੀ ਪਾ ਕੇ ਵਪਾਰੀ ਵਰਗ ਆਪਣੇ ਕਾਰੋਬਾਰਾਂ ਵਿੱਚ ਰੁਝ ਗਿਆ ।
ਵਰਨਣਯੋਗ ਹੈ ਕਿ ਬਾਈਪਾਸ ਦੇ ਅੰਦਰ ਅੰਦਰ ਹੀ ਸੈਂਕੜੇ ਏਕੜ ਜ਼ਮੀਨ ਵਿੱਚ ਪਲਾਟ ਕੱਟੇ ਹੋਏ ਹਨ ਜਿੱਥੇ ਅਜੇ ਉਸਾਰੀ ਨਹੀਂ ਹੋਈ ਪਰ ਸੀਵਰੇਜ , ਵਾਟਰ ਵਰਕਸ ਅਤੇ ਪੱਕੀਆਂ ਗਲੀਆਂ ਦੀਆਂ ਸਹੂਲਤਾਂ ਉਪਲਭਦ ਹਨ । ਗਲੀਆਂ ਟੁੱਟ ਰਹੀਆਂ ਹਨ। ਸੀਵਰੇਜ ਬਲੌਕ ਹੋ ਰਿਹਾ ਹੈ ਪਰ ਅੱਜ ਅਣ-ਅਧਿਕਾਰਤ ਨਵੀਆਂ ਕਲੋਨੀਆਂ ਫੇਰ ਕੱਟੀਆਂ ਜਾ ਰਹੀਆਂ ਹਨ। ਜਿਸ ਕਰਕੇ ਬਾਈਪਾਸ ਤੋਂ ਬਾਹਰ ਸੈਂਕੜੇ ਏਕੜ ਜ਼ਮੀਨ ਕਥਿਤ ਬਰਬਾਦ ਕੀਤੀ ਜਾ ਰਹੀ ਹੈ। ਜਦੋਂ ਕਿ ਬਾਈਪਾਸ ਦੇ ਅੰਦਰ ਅੰਦਰ ਹੀ ਸੈਂਕੜੇ ਏਕੜ ਜ਼ਮੀਨ ਖਾਲੀ ਪਈ ਹੈ ਜਾਂ ਉਸ ਵਿੱਚ ਪਲਾਟ ਕੱਟੇ ਹੋਏ ਹਨ । ਸਰਕਾਰਾਂ ਦੀ ਬੇਰੁਖੀ ਕਰਕੇ ਉਪਜਾਊ ਜ਼ਮੀਨਾਂ ਦੀ ਦੁਰਵਰਤੋਂ , ਲੋਕਾਂ ਦੇ ਪੈਸੇ ਦੀ ਬਰਬਾਦੀ ਅਤੇ ਸਰਕਾਰੀ ਸਹੂਲਤਾਂ ਅਤੇ ਗ੍ਰਾਂਟਾਂ ਕੁਥਾਂ ਲੱਗ ਰਹੀਆਂ ਹਨ।
ਜਿਕਰਯੋਗ ਹੈ ਕਿ ਜਿਵੇਂ 2006-07 ਦੀ ਤੇਜੀ ਤੋਂ ਬਾਅਦ ਜਾਇਦਾਦ ਦੇ ਵਪਾਰੀਆਂ ਨੇ ਜ਼ਮੀਨਾਂ ਵੱਲ ਰੁੱਖ ਕਰ ਲਿਆ ਸੀ , ਓਸੇ ਤਰਾਂ ਪ੍ਰਾਪਰਟੀ ‘ਤੇ ਬਾਜ਼ ਅੱਖ ਰੱਖਣ ਵਾਲੇ ਵਪਾਰੀ ਵਰਗ ਨੇ ਸਸਤੀਆਂ ਜ਼ਮੀਨਾਂ ਵੱਲ ਰੁਖ਼ ਕਰ ਲਿਆ ਹੈ। ਜਿਸ ਦੇ ਨਤੀਜੇ ਵਜੋਂ ਅਗਲੇ ਸਾਲਾਂ ਵਿੱਚ , ਜ਼ਮੀਨਾਂ ਦੀਆਂ ਕੀਮਤਾਂ ਵਿੱਚ ਚੰਗਾ ਉਛਾਲ ਆਉਂਣ ਦੀਆਂ ਸੰਭਾਵਨਾਵਾਂ ਹਨ

Real Estate