ਅਮਰੀਕਾ: ਕਰੋਗਰ ਸਟੋਰ ਵਿੱਚ ਹੋਈ ਗੋਲੀਬਾਰੀ ‘ਚ ਹੋਈ 1 ਦੀ ਮੌਤ

87

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਸਟੇਟ ਟੈਨੇਸੀ ਵਿੱਚ ਸਥਿਤ ਕਰੋਗਰ ਸੁਪਰ ਮਾਰਕੀਟ ਚੇਨ ਦੇ ਇੱਕ ਸਟੋਰ ਵਿੱਚ ਵੀਰਵਾਰ ਨੂੰ ਇੱਕ ਬੰਦੂਕਧਾਰੀ ਹਮਲਾਵਰ ਵੱਲੋਂ ਸਮੂਹਿਕ ਗੋਲੀਬਾਰੀ ਕੀਤੀ ਗਈ। ਇਸ ਦੀ ਵਜ੍ਹਾ ਕਾਰਨ ਇੱਕ ਨਾਗਰਿਕ ਦੀ ਮੌਤ ਹੋਣ ਦੇ ਨਾਲ ਘੱਟੋ ਘੱਟ 12 ਹੋਰ ਜਖਮੀ ਹੋਏ ਹਨ। ਟੈਨੇਸੀ ਪੁਲਿਸ ਨੇ ਇਸ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਾਨਲੇਵਾ ਗੋਲੀਬਾਰੀ ਗੋਲੀਬਾਰੀ ਮੈਮਫਿਸ ਦੇ ਕੋਲਿਰਵਿਲੇ ਵਿੱਚ ਸਥਿਤ ਇੱਕ ਕਰੋਗਰ ਸਟੋਰ ਦੇ ਅੰਦਰ ਦੁਪਹਿਰ 1:30 ਵਜੇ ਦੇ ਕਰੀਬ ਵਾਪਰੀ। ਕੋਲਿਰਵਿਲੇ ਪੁਲਿਸ ਮੁਖੀ ਡੇਲ ਲੇਨ ਦੇ ਅਨੁਸਾਰ ਇਸ ਬੰਦੂਕਧਾਰੀ ਨੇ
1ਨਾਗਰਿਕ ਦੀ ਜਾਨ ਅਤੇ 12 ਨੂੰ ਜਖਮੀ ਕਰਨ ਦੇ ਬਾਅਦ ਆਪਣੇ ਆਪ ਨੂੰ ਗੋਲੀ ਮਾਰੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ ਜਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁੱਝ ਬਹੁਤ ਗੰਭੀਰ ਜ਼ਖਮੀ ਹਨ। ਕਰੋਗਰ ਦੇ ਕਰਮਚਾਰੀਆਂ ਅਨੁਸਾਰ ਹਮਲਾਵਰ ਨੇ ਸਟੋਰ ਵਿੱਚ ਆ ਕੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਅਤੇ ਸਟੋਰ ਵਿੱਚ ਮੌਜੂਦ ਲੋਕਾਂ ਦਰਮਿਆਨ ਹਫੜਾ ਦਫੜੀ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਫਰਿੱਜਾਂ ਵਿੱਚ ਵੀ ਲੁਕ ਗਏ। ਇਸ ਹਮਲੇ ਵਿੱਚ ਮਾਰੀ ਗਈ ਪੀੜਤ ਮਹਿਲਾ ਦੀ ਪਛਾਣ ਉਸਦੇ ਪਰਿਵਾਰ ਵੱਲੋਂ 70 ਸਾਲਾਂ ਓਲੀਵੀਆ ਕਿੰਗ ਵਜੋਂ ਕੀਤੀ, ਜੋ ਕਿ ਸਟੋਰ ਵਿੱਚ ਸ਼ਾਪਿੰਗ ਲਈ ਆਈ ਸੀ। ਪੁਲਿਸ ਵੱਲੋਂ ਇਸ ਹਮਲੇ ਦੇ ਕਾਰਨਾਂ ਅਤੇ ਹਮਲਾਵਰ ਸਬੰਧੀ ਜਿਆਦਾ ਜਾਣਕਾਰੀ ਲਈ ਜਾਂਚ ਕੀਤੀ ਜਾ ਰਹੀ ਹੈ।

Real Estate