ਦੋ ਘਟਨਾਵਾਂ ਨਾਲ ਅਕਾਲੀ ਦਲ ਬਾਦਲ ਦਾ ਚਿਹਰਾ ਜੱਗ ਜ਼ਾਹਰ ਹੋਇਆ

126

ਬਠਿੰਡਾ, 22 ਸਤੰਬਰ, ਬਲਵਿੰਦਰ ਸਿੰਘ ਭੁੱਲਰ

ਸ੍ਰੋਮਣੀ ਅਕਾਲੀ ਦਲ ਬਾਦਲ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦੀ ਹੈ ਅਤੇ ਉਹ ਪੰਥ ਦੇ ਨਾਂ ਤੇ ਦਹਾਕਿਆਂ ਤੋਂ ਵੋਟਾਂ ਹਾਸਲ ਕਰਕੇ ਸੱਤ੍ਹਾ ਭੋਗਦੀ ਰਹੀ ਹੈ। ਇਹ ਪਾਰਟੀ ਅਤੇ ਇਸ ਦੀ ਸੋਚ ਕਿੰਨੀ ਕੁ ਪੰਥਕ ਹੈ ਅਤੇ ਇਹ ਪੰਥਕ ਮਰਯਾਦਾਵਾਂ ਨੂੰ ਕਿਵੇਂ ਨਿਭਾਉਂਦੀ ਹੈ, ਇਹ ਬੀਤੇ ਦਿਨੀ ਵਾਪਰੀਆਂ ਦੋ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਹੈ, ਅਕਾਲੀ ਦਲ ਦਾ ਪੰਥਕ ਚਿਹਰਾ ਜੱਗ ਜ਼ਾਹਰ ਹੋ ਗਿਆ ਹੈ।
ਬਾਦਲ ਅਕਾਲੀ ਦਲ ਦਾ ਦਿੱਲੀ ਦਾ ਇੱਕ ਆਗੂ ਮਨਜਿੰਦਰ ਸਿੰਘ ਸਿਰਸਾ ਜਿਸਦਾ ਸਬੰਧ ਭਾਜਪਾ ਨਾਲ ਰਿਹਾ ਹੈ, ਉਹ ਪਿਛਲੇ ਪੰਜ ਸਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ ਹੈ। ਕੁੱਝ ਸਮਾਂ ਪਹਿਲਾਂ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੀ ਅਕਾਲੀ ਦਲ ਬਾਦਲ ਨੇ ਉਸਨੂੰ ਉਮੀਦਵਾਰ ਬਣਾਇਆ ਸੀ ਤਾਂ ਜੋ ਉਸਨੂੰ ਪ੍ਰਧਾਨ ਬਣਾਇਆ ਜਾ ਸਕੇ, ਪਰ ਉਹ ਚੋਣ ਹਾਰ ਗਿਆ। ਇਸਦੇ ਬਾਵਜੂਦ ਬਾਦਲ ਦਲ, ਜਿਸਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜਾ ਹੋ ਗਿਆ, ਨੇ ਸ੍ਰੀ ਸਿਰਸਾ ਨੂੰ ਕਮੇਟੀ ਲਈ ਮੈਂਬਰ ਨਾਮਜਦ ਕਰਕੇ ਉਸਨੂੰ ਮੁੜ ਪ੍ਰਧਾਨ ਬਣਾਉਣ ਲਈ ਰਾਹ ਪੱਧਰਾ ਕਰ ਲਿਆ ਗਿਆ। ਦਿੱਲੀ ਕਮੇਟੀ ਦੇ ਇੱਕ ਹੋਰ ਮੈਂਬਰ ਸ੍ਰ: ਹਰਵਿੰਦਰ ਸਿੰਘ ਸਰਨਾ ਨੇ ਸ੍ਰ: ਸਿਰਸਾ ਦੀ ਚੋਣ ਨੂੰ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਬੋਰਡ ਕੋਲ ਚਣੌਤੀ ਦਿੰਦਿਆਂ ਦੱਸਿਆ ਕਿ ਉਹ ਮੈਂਬਰ ਨਾਮਜਦ ਹੋਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ। ਬੋਰਡ ਨੇ ਜਦ ਤਹਿਸੁਦਾ ਸਰਤਾਂ ਦੇ ਆਧਾਰ ਤੇ ਸ੍ਰ: ਸਿਰਸਾ ਦੀ ਮੈਂਬਰੀ ਸਬੰਧੀ ਜਾਂਚ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ। ਸ੍ਰ: ਸਿਰਸਾ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲ ਵੱਲੋਂ ਪ੍ਰਧਾਨ ਰਹੇ ਤੇ ਦੁਬਾਰਾ ਨਾਮਜਦ ਕੀਤੇ ਗਏ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 1358 ਤੇ ਗੁਰਬਾਣੀ ਨਹੀਂ ਪੜ੍ਹ ਸਕੇ। ਇਸ ਉਪਰੰਤ ਉਹਨਾਂ ਨੂੰ ਆਪਣੀ ਮਰਜੀ ਨਾਲ 46 ਸ਼ਬਦ ਪੰਜਾਬੀ ਦੇ ਲਿਖਣ ਲਈ ਕਿਹਾ ਗਿਆ, ਉਹਨਾਂ ਜੋ ਸ਼ਬਦ ਲਿਖੇ ਉਹਨਾਂ ਵਿੱਚੋਂ ਵੀ ਅੱਧ ਤੋਂ ਵੱਧ 27 ਸ਼ਬਦ ਗਲਤ ਸਨ। ਇਸ ਉਪਰੰਤ ਚੋਣ ਬੋਰਡ ਦੇ ਡਾਇਰੈਕਟਰ ਸ੍ਰ: ਨਰਿੰਦਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1971 ਦੇ ਸੈਕਸਨ 10 ਦੀ ਵਰਤੋਂ ਕਰਦਿਆਂ ਸ੍ਰ: ਸਿਰਸਾ ਦੀ ਮੈਂਬਰੀ ਰੱਦ ਕਰ ਦਿੱਤੀ ਹੈ।
ਦੂਜੀ ਘਟਨਾ ਵੀ ਪਿਛਲੇ ਹਫ਼ਤੇ ਨਾਲ ਹੀ ਸਬੰਧਤ ਹੈ। ਸ੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਖਤਮ ਕਰਾਉਣ ਲਈ, ਉਹਨਾਂ ਆਪਣੇ ਆਪ ਨੂੰ ਕਿਸਾਨਾਂ ਦੇ ਹਿਮਾਇਤੀ ਸਾਬਤ ਕਰਨ ਇਸ ਪੰਥਕ ਪਾਰਟੀ ਨੇ ਦਿੱਲੀ ਦੇ ਪਾਰਲੀਮੈਂਟ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ। ਵੱਡੀ ਗਿਣਤੀ ਵਿੱਚ ਉਹਨਾਂ ਦੇ ਵਰਕਰ ਆਪਣੇ ਪਾਰਟੀ ਦੇ ਝੰਡੇ ਲੈ ਕੇ ਦਿੱਲੀ ਗੁਰਦੁਆਰਾ ਰਕਾਬ ਗੰਜ ਸਾਹਿਬ ਪਹੁੰਚ ਗਏ। ਉਹ ਕਿਸਾਨਾਂ ਦੇ ਹੱਕ ਵਿੱਚ ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਗਏ ਸਨ, ਪਰ ਉਹਨਾਂ ਉਥੇ ਕਾਲੇ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਬਜਾਏ ਆਪਣੀ ਪਾਰਟੀ ਨਾਅਰੇ ਲਾ ਕੇ ਗਿਰਫਤਾਰੀਆਂ ਦਿੱਤੀਆਂ, ਜਿਹਨਾਂ ਨੂੰ ਕੁੱਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਇਸ ਉਪਰੰਤ ਜਦ ਇਸ ਪੰਥਕ ਪਾਰਟੀ ਦੇ ਵਰਕਰ ਕਾਰਾਂ ’ਚ ਸਵਾਰ ਹੋ ਕੇ ਵਾਪਸ ਆਪਣੇ ਘਰਾਂ ਨੂੰ ਆ ਰਹੇ ਸਨ ਤਾਂ ਉਹਨਾਂ ਸ਼ਰਾਬ ਦੀਆਂ ਬੋਤਲਾਂ, ਗਲਾਸਾਂ, ਨਮਕੀਨ ਖਰੀਦ ਕੇ ਆਪਣੀਆਂ ਗੱਡੀਆਂ ਸਿੰਗਾਰ ਲਈਆਂ। ਇਹਨਾਂ ਗੱਡੀਆਂ ਵਿੱਚ ਅਮ੍ਰਿਤਧਾਰੀ ਵੀ ਸਨ। ਦਿੱਲੀ ਬਾਰਡਰ ਤੇ ਜਦ ਕਿਸਾਨਾਂ ਨੇ ਰੋਸ਼ ਵਜੋਂ ਗੱਡੀਆਂ ਰੋਕੀਆਂ ਤਾਂ ਉਹਨਾਂ ਚੋਂ ਸ਼ਰਾਬ ਆਦਿ ਨਸ਼ੇ ਪਰਤੱਖ ਹੋ ਗਏ। ਕਿਸਾਨਾਂ ਨੇ ਸੋਸਲ ਮੀਡੀਆ ਰਾਹੀਂ ਗੱਡੀਆਂ ਚੋਂ ਸ਼ਰਾਬ ਬਰਾਮਦ ਕਰਕੇ ਵੀਡੀਓ ਵਾਇਰਲ ਕਰ ਦਿੱਤੀਆਂ। ਹੁਣ ਅਕਾਲੀ ਦਲ ਦੇ ਆਗੂ ਕਿਸਾਨਾਂ ਤੇ
ਇਤਰਾਜ ਪ੍ਰਗਟ ਕਰ ਰਹੇ ਹਨ ਅਤੇ ਵਰਕਰਾਂ ਨੂੰ ਅਪਮਾਨਿਤ ਕਰਨ ਦੇ ਦੋਸ਼ ਮੜ੍ਹ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਆਪਣੇ ਵਰਕਰਾਂ ਨੂੰ ਗਲਤ ਨਹੀਂ ਕਹਿ ਰਹੇ ਕਿ ਪੰਥਕ ਕਹਾਉਣ ਵਾਲੇ ਅਕਾਲੀ ਦਲ ਨਾਲ ਸਬੰਧਤ ਹੋਣ ਤੇ ਵੀ ਸ਼ਰੇਆਮ ਸ਼ਰਾਬ ਪੀਂਦੇ ਆ ਰਹੇ ਸਨ, ਉਲਟਾ ਉਹਨਾਂ ਦਾ ਪਰਦਾਫਾਸ਼ ਕਰਨ ਵਾਲਿਆਂ ਤੇ ਰੋਸ਼ ਪ੍ਰਗਟ ਕਰ ਰਹੇ ਹਨ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਇਹ ਅਕਾਲੀ ਆਗੂ ਆਪਣੇ ਵਰਕਰਾਂ ਨੂੰ ਨਸ਼ਿਆਂ ਦੀ ਖੁਲ੍ਹ ਦੇਣ ਦੀ ਵਕਾਲਤ ਕਰਦੇ ਹਨ।
ਅਕਾਲੀ ਦਲ ਦੇ ਦੋ ਆਗੂ ਤਾਂ ਪਾਰਟੀ ਨੇ ਰੱਖੇ ਹੀ ਬਿਆਨ ਦੇਣ ਲਈ ਹਨ। ਉਹਨਾਂ ਰੋਜਾਨਾ ਕੋਈ ਨਾ ਕੋਈ ਬਿਆਨ ਦੇਣਾ ਹੀ ਹੁੰਦਾ ਹੈ, ਗਲਤ ਠੀਕ ਬਾਰੇ ਤਾਂ ਉਹ ਬਹੁਤਾ ਸੋਚਦੇ ਹੀ ਨਹੀਂ, ਬੱਸ ਬਿਆਨ ਹੀ ਜਾਰੀ ਕਰਨਾ ਉਹਨਾਂ ਦਾ ਕੰਮ ਹੈ। ਜੋ ਉਹ ਤਨਦੇਹੀ ਨਾਲ ਪੂਰਾ ਕਰਦੇ ਰਹਿੰਦੇ ਹਨ। ਹੁਣ ਸਵਾਲ ਤਾਂ ਇਹ ਉਠਦਾ ਹੈ ਕਿ ਦੋਵਾਂ ਘਟਨਾਵਾਂ ’ਚ ਅਕਾਲੀ ਦਲ ਸਹੀ ਹੈ ਜਾਂ ਗਲਤ। ਜਿਸਨੂੰ ਅਕਾਲੀ ਦਲ ਨੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਕਰਨ ਵਾਲੀ ਮਹੱਤਵਪੂਰਨ ਧਾਰਮਿਕ ਜਥੇਬੰਦੀ ਦਾ ਪ੍ਰਧਾਨ ਬਣਾਇਆ ਉਹ ਨਾ ਗੁਰਮੁਖੀ ਪੜ੍ਹ ਸਕਦਾ ਹੈ ਨਾ ਲਿਖ ਸਕਦਾ ਹੈ। ਦੂਜਾ ਪੰਥਕ ਕਹਾਉਣ ਵਾਲੇ ਆਪਣੇ ਦਲ ਦੇ ਪ੍ਰੋਗਰਾਮਾਂ ਵਿੱਚ ਵਰਕਰ ਨਸ਼ਿਆਂ ਦੀ ਖੁਲ੍ਹ ਕੇ ਵਰਤੋਂ ਕਰ ਰਹੇ ਹਨ। ਇਹ ਸੁਆਲ ਕਾਫ਼ੀ ਅਹਿਮ ਹਨ, ਪਰ ਇਹਨਾਂ ਦੇ ਜਵਾਬ ਤਾਂ ਲੋਕ ਚਰਚਾ ਵਿੱਚੋਂ ਹੀ ਮਿਲਣਗੇ। ਇੱਕ ਸੁਆਲ ਇਹ ਵੀ ਪੈਦਾ ਹੁੰਦਾ ਹੈ, ਇਹ ਮਾਮਲੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਉਪਰੰਤ ਕੀ ਸਿੰਘ ਸਾਹਿਬਾਨ ਗੌਰ ਕਰਨਗੇ? ਜਿਸਦੀ ਬਹੁਤੀ ਸੰਭਾਵਨਾ ਤਾਂ ਨਹੀਂ ਹੈ।

Real Estate