ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ਼ ਕੀਤਾ ਸਾਲ ਦਾ 100 ਵਾਂ ਕਤਲ

58

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ ‘ਚ ਕਤਲਾਂ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹਨਾਂ ਸ਼ਹਿਰਾਂ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਦਾ ਨਾਮ ਵੀ ਪ੍ਰਮੁੱਖ ਹੈ, ਜਿਸਨੇ ਸੋਮਵਾਰ ਨੂੰ ਇਸ ਸਾਲ ਦਾ 100 ਵਾਂ ਕਤਲ ਦਰਜ਼ ਕੀਤਾ ਹੈ। ਓਕਲੈਂਡ ਪੁਲਿਸ ਅਨੁਸਾਰ ਕਤਲਾਂ ਦੀ ਇਹ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਹੈ। ਅੰਕੜਿਆਂ ਅਨੁਸਾਰ ਇਸ ਸ਼ਹਿਰ ਨੇ ਪਿਛਲੇ ਹਫਤੇ ਵਿੱਚ ਹੀ 10 ਕਤਲ ਦਰਜ ਕੀਤੇ ਹਨ ਜਦਕਿ ਪੁਲਿਸ ਅਨੁਸਾਰ ਓਕਲੈਂਡ ਨੇ 2020 ਵਿੱਚ 109 ਕਤਲ ਦਰਜ਼ ਕੀਤੇ ਸਨ। ਓਕਲੈਂਡ ਪੁਲਿਸ
ਵਿਭਾਗ ਨੇ ਸੋਮਵਾਰ ਨੂੰ ਇਹਨਾਂ 100 ਜਾਨਾਂ ਨੂੰ ਸ਼ਰਧਾਂਜਲੀ ਦੇਣ ਲਈ 100 ਸਕਿੰਟ ਦਾ ਮੌਨ ਵੀ ਰੱਖਿਆ ਗਿਆ। ਓਕਲੈਂਡ ਦੇ ਪੁਲਿਸ ਮੁਖੀ ਲੇਰੋਨ ਆਰਮਸਟ੍ਰੌਂਗ ਨੇ ਦੱਸਿਆ ਕਿ ਇਸ ਸਾਲ ਦੀ 100 ਵੀਂ ਹੱਤਿਆ ਸੋਮਵਾਰ ਸਵੇਰੇ ਸੈਨ ਲੀਏਂਡਰੋ ਸਟ੍ਰੀਟ ‘ਤੇ ਓਕਲੈਂਡ ਕੋਲੀਜ਼ੀਅਮ ਬਾਰਟ ਸਟੇਸ਼ਨ ਦੇ ਨੇੜੇ ਹੋਈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੇ ਇਸੇ ਵਕਫੇ ਦੌਰਾਨ ਸ਼ਹਿਰ ਵਿੱਚ 70 ਕਤਲ ਦਰਜ਼ ਹੋਏ ਸਨ।

Real Estate