ਵਰਜੀਨੀਆ ਹਾਈ ਸਕੂਲ ‘ਚ ਹੋਈ ਗੋਲੀਬਾਰੀ ਨਾਲ 2 ਵਿਦਿਆਰਥੀ ਹੋਏ ਜ਼ਖਮੀ

78

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਕੂਲਾਂ ਵਿੱਚ ਵਿਅਕਤੀਗਤ ਕਲਾਸਾਂ ਸ਼ੁਰੂ ਹੋਣ ਦੇ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਇਸ ਦੀ ਇੱਕ ਨਵੀਂ ਘਟਨਾ ਵਿੱਚ ਵਰਜੀਨੀਆਂ ਦੇ ਇੱਕ ਸਕੂਲ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਨਾਲ ਸਕੂਲ ਦੇ ਦੋ ਵਿਦਿਆਰਥੀਆਂ ਦੇ ਜਖਮੀ ਹੋਣ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਵਰਜੀਨੀਆ ਦੇ ਨਿਊਪੋਰਟ ਨਿਊਜ਼ ਦੇ ਹੈਰੀਟੇਜ ਹਾਈ ਸਕੂਲ ਵਿੱਚ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਇਸ ਨਾਲ ਦੋ ਵਿਦਿਆਰਥੀ ਜਖਮੀ ਹੋਏ ਅਤੇ ਗੋਲੀਬਾਰੀ ਤੋਂ ਕੁੱਝ ਘੰਟਿਆਂ ਬਾਅਦ, ਪੁਲਿਸ ਨੇ ਇੱਕ ਨਬਾਲਗ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਮੁਖੀ ਅਨੁਸਾਰ ਜਖਮੀ ਹੋਏ ਦੋ ਪੀੜਤਾਂ ਦੀ ਉਮਰ 17 ਸਾਲ ਹੈ। ਇਹਨਾਂ ਵਿੱਚੋਂ ਇੱਕ ਪੁਰਸ਼ ਵਿਦਿਆਰਥੀ ਦੇ ਚਿਹਰੇ ਦੇ ਇੱਕ ਪਾਸੇ ਗੋਲੀ ਅਤੇ ਇੱਕ ਮਹਿਲਾ ਵਿਦਿਆਰਥੀ ਦੀ ਲੱਤ ਵਿੱਚ ਗੋਲੀ ਲੱਗੀ । ਇਸ ਗੋਲੀਬਾਰੀ ਕਰਕੇ ਘੱਟੋ ਘੱਟ ਚਾਰ ਵਿਦਿਆਰਥੀਆਂ ਨੂੰ ਖੇਤਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਪਰ ਸਿਰਫ ਦੋ ਨੂੰ ਹੀ ਗੋਲੀ ਲੱਗੀ ਸੀ। ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਅਤੇ ਪੀੜਤ ਵਿਦਿਆਰਥੀ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਗੋਲੀਬਾਰੀ ਦੀ ਵਜ੍ਹਾ ਕਿਸੇ ਕਿਸਮ ਦੇ ਝਗੜੇ ਨੂੰ ਮੰਨਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਗੋਲੀਬਾਰੀ ਦੇ ਸਬੰਧ ਵਿੱਚ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ।

Real Estate