ਅਮਰੀਕਾ ‘ਚ ਕੋਰੋਨਾ ਮੌਤਾਂ ਦੀ ਸੰਖਿਆ 1918 ਦੀ ਫਲੂ ਮਹਾਂਮਾਰੀ ਦੀਆਂ ਮੌਤਾਂ ਨਾਲੋਂ ਵਧੀ

89

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ ਡੀ ਸੀ ) ਅਨੁਸਾਰ ਇੱਕ ਸਦੀ ਪਹਿਲਾਂ 1918 ਦੀ ਇਨਫਲੂਐਂਜ਼ਾ ਮਹਾਂਮਾਰੀ ਨੇ ਵਿਸ਼ਵ ਭਰ ਵਿੱਚ ਘੱਟੋ ਘੱਟ 50 ਮਿਲੀਅਨ ਲੋਕਾਂ ਦੀ ਜਾਨ ਲੈ ਲਈ ਸੀ ਅਤੇ ਉਸ ਸਮੇਂ ਮਹਾਂਮਾਰੀ ਨਾਲ ਅੰਦਾਜ਼ਨ 675,000 ਮੌਤਾਂ ਅਮਰੀਕਾ ਵਿੱਚ ਹੋਈਆਂ ਸਨ। ਏਜੰਸੀ ਅਨੁਸਾਰ ਹੁਣ, ਕੋਰੋਨਾ ਵਾਇਰਸ ਮਹਾਂਮਾਰੀ ਨੇ 100 ਸਾਲ ਪਹਿਲਾਂ
ਦੀ ਮਹਾਂਮਾਰੀ ਤੋਂ ਜਿਆਦਾ ਅਮਰੀਕੀ ਲੋਕਾਂ ਦੀ ਜਾਨ ਲੈ ਲਈ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 675,446 ਅਮਰੀਕੀਆਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ ਅਤੇ ਇਹ ਗਿਣਤੀ 1918 ਵੇਲੇ ਦੀਆਂ ਮੌਤਾਂ ਨਾਲੋਂ ਵਧ ਗਈ ਹੈ।
1918 ਵਿੱਚ ਇਨਫਲੂਐਂਜ਼ਾ ਮਹਾਂਮਾਰੀ ਦਾ ਪ੍ਰਕੋਪ ਬਸੰਤ ਰੁੱਤ ਵਿੱਚ ਐੱਚ 1 ਐੱਨ 1 ਵਾਇਰਸ ਪੰਛੀਆਂ ਤੋਂ ਮਨੁੱਖਾਂ ਵਿੱਚ ਦਾਖਲ ਹੋਣ ਦੇ ਨਾਲ ਸ਼ੁਰੂ ਹੋਇਆ ਸੀ ਅਤੇ ਲਗਭਗ ਦੋ ਸਾਲਾਂ ਤੱਕ ਚੱਲਿਆ ਸੀ। ਮਹਾਮਾਰੀ ਦੀ ਤੁਲਨਾ ਕਰਦੇ ਹੋਏ ਸਿਹਤ ਮਾਹਿਰਾਂ ਨੇ ਦੱਸਿਆ ਕਿ 1918 ਦੇ ਮੁਕਾਬਲੇ ਹੁਣ ਅਮਰੀਕਾ ਵਿੱਚ ਬਹੁਤ ਜ਼ਿਆਦਾ ਲੋਕ ਰਹਿੰਦੇ ਹਨ। ਜਨਗਣਨਾ ਦੇ ਅੰਕੜਿਆਂ ਅਨੁਸਾਰ ਉਸ ਸਮੇਂ ਆਬਾਦੀ ਲਗਭਗ 105 ਮਿਲੀਅਨ ਸੀ ਜਦਕਿ ਹੁਣ ਜਨਗਣਨਾ ਅਨੁਸਾਰ ਦੇਸ਼ ਦੀ ਆਬਾਦੀ ਤਕਰੀਬਨ 329 ਮਿਲੀਅਨ ਹੈ। ਅਮਰੀਕਾ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਕੇਸਾਂ ਦੀ ਮੌਤ ਦਰ 1.6% ਹੈ, ਜੋ ਕਿ 1918 ਵਿੱਚ ਇਨਫਲੂਐਨਜ਼ਾ ਲਈ 2.5% ਸੀ।

Real Estate