ਉੱਡੀਆਂ ਮਹਿਲਾਂ ਚੋਂ ਰੌਣਕਾਂ…!

152

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੀ ਪਟਿਆਲਾ ਸਥਿਤ ਨਿੱਜੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ (ਮੋਤੀ ਮਹਿਲ) ਅੱਗੇ ਸੁੰਨ ਪੱਸਰ ਗਈ ਹੈ। ਭਾਵੇਂ ਕੈਪਟਨ ਅਮਰਿੰਦਰ ਸਿੰਘ ਤਾਂ ਇਸ ਵਾਰ ਮੁੱਖ ਮੰਤਰੀ ਬਣਨ ਮਗਰੋਂ ਇਥੇ ਕਦੇ-ਕਦਾਈਂ ਹੀ ਆਏ ਸਨ ਪਰ ਉਨ੍ਹਾਂ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਇਥੇ ਰਹਿੰਦੇ ਹਨ। ਉਂਝ ਉਨ੍ਹਾਂ ਦੀ ਵੀ ਇੱਥੇ ਕੋਈ ਪੱਕੀ ਠਾਹਰ ਨਹੀਂ ਹੈ ਕਿਉਂਕਿ ਉਹ ਕਦੇ ਦਿੱਲੀ, ਕਦੇ ਚੰਡੀਗੜ੍ਹ ਤੇ ਕਦੇ ਵਿਦੇਸ਼ ਯਾਤਰਾ ’ਤੇ ਰਹਿੰਦੇ ਹਨ। ਸ਼ੁੱਕਰਵਾਰ ਦੀ ਰਾਤ ਪ੍ਰਨੀਤ ਕੌਰ ਮੋਤੀ ਮਹਿਲ ਵਿੱਚ ਹੀ ਸਨ ਪਰ ਸ਼ਨਿਚਰਵਾਰ ਦੁਪਹਿਰ ਵੇਲੇ ਜਦੋਂ ਕੈਪਟਨ ਦੇ ਅਸਤੀਫ਼ਾ ਦੇਣ ਦੀ ਗੱਲ ਫੈਲੀ ਤਾਂ ਉਹ ਵੀ ਚੰਡੀਗੜ੍ਹ ਚਲੇ ਗਏ ਅਤੇ ਐਤਵਾਰ ਰਾਤ ਤੱਕ ਵੀ ਨਹੀਂ ਪਰਤੇ। ਪੈਂਤੀ ਏਕੜ ਵਿੱਚ ਬਣੇ ਇਸ ਮਹਿਲ ਦੇ ਅੰਦਰ ਡੇਅਰੀ ਫਾਰਮ ਅਤੇ ਨਰਸਰੀ ਦਾ ਕੰਮ ਵੀ ਹੈ। ਕੰਮ-ਕਾਰ ਲਈ ਕਈ ਪਰਿਵਾਰ ਵਰ੍ਹਿਆਂ ਤੋਂ ਮਹਿਲ ਦੇ ਅੰਦਰ ਹੀ ਰਹਿੰਦੇ ਹਨ। ਕਰੋਨਾ ਕਰਕੇ ਪਹਿਲਾਂ ਤੋਂ ਹੀ ਮਹਿਲ ਵਿੱਚ ਲੋਕਾਂ ਦਾ ਆਉਣ-ਜਾਣ ਆਮ ਨਾਲੋਂ ਘਟਿਆ ਹੋਇਆ ਹੈ। ਸਥਾਨਕ ਸ਼ਹਿਰ ਵਿਚਲੇ ਹਮਾਇਤੀ ਇਸ ਮੌਕੇ ਪਰਿਵਾਰ ਨਾਲ ਮਿਲਣਾ ਲੋਚਦੇ ਹਨ ਪਰ ਪ੍ਰਨੀਤ ਕੌਰ ਦੇ ਇਥੇ ਨਾ ਹੋਣ ਕਰਕੇ ਉਹ ਹਾਲ ਦੀ ਘੜੀ ਰੁਕੇ ਹੋਏ ਹਨ। ਮੋਤੀ ਮਹਿਲ ਦੇ ਚਾਰਾਂ ਖੂੰਜਿਆਂ ਸਮੇਤ ਮੁੱਖ ਗੇਟ ਅਤੇ ਹੋਰ ਥਾਵਾਂ ’ਤੇ ਤਾਇਨਾਤ ਕਰੀਬ ਦੋ ਸੌ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਵੀ ਬੇਰੌਣਕੀ ਲੱਗ ਰਹੀ ਹੈ। ਸ਼ਾਹੀ ਘਰਾਣਾ ਸ਼ਹਿਰ ਵਾਸੀਆਂ ਵਿੱਚ ਵਧੇਰੇ ਆਧਾਰ ਰੱਖਦਾ ਹੈ, ਜਿਸ ਕਾਰਨ ਅਮਰਿੰਦਰ ਸਿੰਘ ਇੱਕ-ਦੋ ਫੇਰੀਆਂ ਪਾ ਕੇ ਹੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਲੈਂਦੇ ਹਨ। ਉਹ ਲਗਾਤਾਰ ਚੌਥੀ ਵਾਰ ਇਥੋਂ ਵਿਧਾਇਕ ਬਣੇ ਹਨ। ਇਸ ਤੋਂ ਇਲਾਵਾ ਇੱਕ ਵਾਰ ਪ੍ਰਨੀਤ ਕੌਰ ਵੀ ਪਟਿਆਲਾ ਦੇ ਵਿਧਾਇਕ ਰਹਿ ਚੁੱਕੇ ਹਨ। ਅਸਲ ਵਿੱਚ ਪਟਿਆਲਵੀਆਂ ਨਾਲ ਜ਼ਿਆਦਾਤਰ ਪ੍ਰਨੀਤ ਕੌਰ ਹੀ ਵਿਚਰਦੇ ਹਨ। ਸ਼ਾਹੀ ਪਰਿਵਾਰ ਨੇ ਪਟਿਆਲਾ ਦੇ ਕਾਂਗਰਸੀ ਕਾਰੁਕਨਾਂ ਨੂੰ ਚੇਅਰਮੈਨੀਆਂ ਤੇ ਸਰਕਾਰ ’ਚ ਹੋਰ ਅਹੁਦੇ ਲੱਡੂਆਂ ਦੀ ਤਰ੍ਹਾਂ ਵੰਡੇ ਹਨ। ਕੈਪਟਨ ਦੇ ਮੁੱਖ ਮੰਤਰੀ ਦੇ ਅਹੁਦੇ ਅਸਤੀਫ਼ੇ ਮਗਰੋਂ ਅੱਜ ਇਹ ਸਾਰੇ ਅਹੁਦੇਦਾਰ ਮਾਯੂਸ ਹਨ।

Real Estate