ਸਿਵਪੁਰਾ ਕੁੱਕਰੀਆਂ ਦੇ ਲੋਕ ਤਰਸਦੇ ਨੇ ਕਿ ਕਦੇ ਸਾਡੇ ਨਵੇਂ ਬਣੇ ਪੁਲ ਦੇ , ਉਦਘਾਟਨ ਦੀ ਫੋਟੋ ਵੀ ਵਿਕਾਸ ਕਾਰਜਾਂ ਵਾਲੇ ਬੋਰਡ ‘ਤੇ ਛਪੇ

159

8 ਸਾਲਾਂ ਤੋਂ ਗੋਲੇਵਾਲਾ ਡਰੇਨ ਦੀ ਬੁਰਜੀ ਨੰਬਰ 32700 ਦੇ ਟੁੱਟੇ ਹੋਏ ਪੁਲ ਦੀ ਉਸਾਰੀ ਨਾਂ ਹੋਣ ਕਰਕੇ , ਪਿੰਡ ਵਾਸੀ ਨਰਕ ਵਰਗੀ ਜ਼ਿੰਦਗੀ ਜਿਓਣ ਲਈ ਮਜਬੂਰ

ਸ੍ਰੀ ਮੁਕਤਸਰ ਸਾਹਿਬ 20 ਸਤੰਬਰ ( ਕੁਲਦੀਪ ਸਿੰਘ ਘੁਮਾਣ) ਸਰਕਾਰਾਂ ਦੀ ਬੇਰੁਖੀ ਦਾ ਅੰਦਾਜ਼ਾ ਇਸ ਗੱਲ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਇੱਥੋਂ ਨੇੜਲੇ ਪਿੰਡ ਸਿਵਪੁਰਾ ਕੁੱਕਰੀਆਂ ਤੋਂ ਲੈਪੋ ਨੂੰ ਜਾਂਦੀ ਸੜਕ ਵਿਚਕਾਰ ਲੰਘਦੇ ਗੋਲੇਵਾਲਾ ਡਰੇਨ ਦੀ ਬੁਰਜੀ ਨੰਬਰ 32700 ਦਾ ਪੁਲ ਟੁੱਟੇ ਨੂੰ ਤਕਰੀਬਨ 8 ਸਾਲ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ।
ਪਿੰਡ ਵਾਸੀ ਹੁਣ ਤੱਕ ਨਿੱਜੀ ਤੌਰ ‘ਤੇ ਵੱਖ ਵੱਖ ਸਿਆਸੀ ਆਗੂਆਂ ਨੂੰ , ਇਸ ਪੁਲ ਦੀ ਸਾਰ ਲੈਣ ਲਈ ਲਿਲ੍ਹਕੜ੍ਹੀਆਂ ਕੱਢ ਚੁੱਕੇ ਹਨ ਪਰ ਅਜੇ ਤੱਕ ਪੁਲ ਵੱਲ ਕਿਸੇ ਸਿਆਸੀ ਆਗੂ ਜਾਂ ਸਬੰਧਤ ਮਹਿਕਮੇ ਦੀ ਸਵੱਲੀ ਨਿਗ੍ਹਾ ਨਹੀਂ ਪਈ। ਜਿਕਰਯੋਗ ਹੈ ਕਿ ਤਕਰੀਬਨ 50 ਸਾਲ ਪਹਿਲਾਂ ਗੋਲੇਵਾਲਾ ਡਰੇਨ ਕੱਢੀ ਗਈ ਸੀ। ਉਸ ਸਮੇਂ ਸਿਵਪੁਰਾ ਕੁੱਕਰੀਆਂ ਤੋਂ ਲੈਪੋ ਨੂੰ ਕੱਚਾ ਰਾਹ ਜਾਂਦਾ ਸੀ ਜਿਸ ਕਰਕੇ ਗੋਲੇਵਾਲਾ ਡਰੇਨ ‘ਤੇ ਕੱਚਾ ਪੁਲ ਬਣਿਆ ਸੀ । ਬਾਅਦ ਵਿੱਚ ਇਸ ਪਿੰਡ ਤੋਂ ਫਿਰੋਜਪੁਰ ਜਿਲ੍ਹੇ ਦੇ ਪਿੰਡ ਲੈਪੋ ਨੂੰ ਜਾਂਦੇ ਕੱਚੇ ਰਸਤੇ ਉੱਤੇ ਸੜਕ ਬਣਾ ਦਿੱਤੀ ਗਈ ਪਰ ਪੁਲ ਕੱਚਾ ਹੀ ਰਿਹਾ। ਸਾਲ 2013 ਦੀਆਂ ਬਰਸਾਤਾਂ ਵਿੱਚ ਇਹ ਕੱਚਾ ਪੁਲ ਰੁੜ੍ਹ ਗਿਆ ਅਤੇ ਓਦੋਂ ਤੋਂ ਲੈ ਕੇ , ਹੁਣ ਤੱਕ ਇਨ੍ਹਾਂ ਦੋਨਾਂ ਪਿੰਡਾਂ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਮੁਕਤਸਰ ਸਾਹਿਬ ਨੂੰ ਮਿਲਾਉਂਦੇ ਇਸ ਪੁਲ ਰਾਹੀਂ ਗੁਜ਼ਰਨ ਵਾਲੇ ਹਜ਼ਾਰਾਂ ਲੋਕੀਂ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਪਿੰਡ ਵਾਸੀਆਂ ਵੱਲੋਂ ਹਰ ਸਾਲ ਬਰਸਾਤਾਂ ਦੌਰਾਨ ਸੇਮਨਾਲੇ ਦੇ ਵਿਚਕਾਰ ਆਪਣੇ ਖੇਤਾਂ ਨੂੰ ਜਾਣ ਲੲੀ ਬਣਾਇਆ ਗਿਆ ਆਰਜ਼ੀ ਪੁਲ , ਰੁੜ੍ਹ ਜਾਂਦਾ ਹੈ ਅਤੇ ਪਿੰਡ ਵਾਸੀ ਫੇਰ ਸੇਮਨਾਲੇ ‘ਚੋਂ ਬਰਸਾਤੀ ਪਾਣੀ ਘਟਣ ਦੀ ਉਡੀਕ ਕਰਨ ਲੱਗਦੇ ਹਨ। ਹਰ ਸਾਲ ਪੁਲ ਰੁੜ੍ਹਦਾ ਹੈ ਅਤੇ ਪਿੰਡ ਵਾਸੀਆਂ ਵੱਲੋਂ ਆਰਜ਼ੀ ਪੁਲ ਬਣਾਇਆ ਜਾਂਦਾ ਹੈ। ਇਸ ਵਾਰ ਫੇਰ ਬਰਸਾਤਾਂ ਦੌਰਾਨ ਇਹ ਆਰਜ਼ੀ ਪੁਲ ਰੁੜ੍ਹ ਗਿਆ ਹੈ ਅਤੇ ਪਿੰਡ ਵਾਸੀ ਆਰਜ਼ੀ ਪੁਲ ਬਣਾਉਂਣ ਦੇ ਹੀਲੇ ਵਸੀਲੇ ਜੁਟਾਉਣ ਲੱਗੇ ਸਨ ਕਿ ਬਰਸਾਤ ਨੇ ਫੇਰ ਆਰਜ਼ੀ ਪੁਲ ਰੋੜ੍ਹ ਦਿੱਤਾ । ਹੁਣ ਫੇਰ ਆਰਜ਼ੀ ਪੁਲ ਬਣਾਉਂਣ ਦੇ ਆਹਰ ਵਿੱਚ ਲੱਗੇ ਹੋਏ ਹਨ। ਹਰ ਪੰਜੀਂ ਸਾਲੀਂ ਸਿਆਸੀ ਆਗੂਆਂ ਦੀ ਜੋਗੀਆਂ ਵਾਲੀ ਫੇਰੀ ਲੱਗਦੀ ਹੈ ਪਰ ਓਸ ਸਮੇਂ ਕੀਹਦੇ ਕੋਲ ਵਿਹਲ ਹੁੰਦੀ ਐ , ਇਸ ਪੁਲ ਦੀ ਸਾਰ ਲੈਣ ਦੀ। ਪਿੰਡ ਦੀ ਮਾੜੀ ਕਿਸਮਤ ਨੂੰ ਓਦੋਂ ਚੋਣ ਜ਼ਾਬਤਾ ਚੱਲ ਰਿਹਾ ਹੁੰਦਾ ਹੈ। ਪਿੰਡ ਵਾਸੀ ਇਸ ਗੱਲ ਲਈ ਤਰਸਦੇ ਹਨ ਕਿ ਸ਼ਹਿਰਾਂ ਵਿੱਚ ਲੱਗੇ ਵਿਕਾਸ ਕਾਰਜਾਂ ਵਾਲੇ ਬੋਰਡਾਂ ਉੱਤੇ ਕਦੇ ਸਾਡੇ ਪਿੰਡ ਦੇ ਨਵੇਂ ਬਣਾਏ ਪੁਲ ਦੇ ਉਦਘਾਟਣ ਦੀ ਫੋਟੋ ਵੀ ਛਪੇ ਪਰ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ।
ਚੋਣਾਂ ਦੇ ਦਿਨੀਂ ਸਿਆਸੀ ਸਰਗਰਮੀਆਂ ਦੌਰਾਨ ਕਦੇ ਕਦੇ ਸੁੰਦਕਾਂ ਜਿਹੀਆਂ ਉੱਡਦੀਆਂ ਹਨ ਕਿ ਪੁਲ ਦੀ ਮਨਜ਼ੂਰੀ ਮਿਲ ਗੲੀ ਹੈ ਕਦੇ ਕਿਸੇ ਮਹਿਕਮੇ ਦਾ ਨਾਂ ਲੈ ਲਿਆ ਜਾਂਦਾ ਹੈ ਅਤੇ ਕਦੇ ਕਿਸੇ ਮਹਿਕਮੇ ਦਾ ਪਰ ” ਨੈਂ ਲੰਘੀ ਖਵਾਜਾ ਵਿੱਸਰਿਆ ” ਦੀ ਕਹਾਵਤ ਅਨੁਸਾਰ ਚੋਣਾਂ ਲੰਘਦਿਆਂ ਹੀ ਇਹ ਸੁੰਦਕਾਂ ਫੇਰ ਮੱਧਮ ਪੈਣ ਲੱਗਦੀਆਂ ਹਨ ਅਤੇ ਲੋਕ ਆਪੋ ਆਪਣੇ ਕੰਮੀਂ ਧੰਦੀਂ ਰੁੱਝ ਜਾਂਦੇ ਹਨ। ਸਿਵਪੁਰਾ ਕੁੱਕਰੀਆਂ ਨਿਵਾਸੀ ਸਾਬਕਾ ਸਰਪੰਚ ਗੁਰਸੇਵਕ ਸਿੰਘ , ਦਲਜੀਤ ਸਿੰਘ , ਅਮਰਜੀਤ ਸਿੰਘ , ਮਹਿਲ ਸਿੰਘ , ਜਗਤਾਰ ਸਿੰਘ , ਬਲਦੇਵ ਸਿੰਘ , ਬਾਬੂ ਰਾਮ ਸਾਬਕਾ ਮੈਂਬਰ ਪੰਚਾਇਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਪੱਕੇ ਤੌਰ ‘ਤੇ ਉਸਾਰੀ ਕੀਤੀ ਜਾਵੇ ਤਾਂ ਜੋ ਦੋਨਾਂ ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋ ਸਕੇ ਜੋ ਪੁਲ ਦੀ ਅਣਹੋਂਦ ਦੇ ਚੱਲਦਿਆਂ ਆਲੇ ਦੁਆਲੇ ਦੇ ਪਿੰਡਾਂ ਰਾਹੀਂ ਘੁੰਮ ਕੇ ਆਪਣਾ ਸਫ਼ਰ ਤੈਅ ਕਰਦੇ ਹਨ।

Real Estate