ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਐਲਾਨ

160
ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਇੱਕ ਆਮ ਆਦਮੀ ਹਨ ਤੇ ਗਰੀਬਾਂ ਦੇ ਨੁਮਾਇੰਦੇ ਹਨ। ਉਨ੍ਹਾਂ ਕਿਹਾ, “ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾਂ ਹਾਂ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲੈਣ। ਅਸੀਂ ਕਿਸਾਨਾਂ ਦੇ ਨਾਲ ਹਾਂ।” ਪੰਜਾਬ ਦੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੰਨੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਵੀ ਮੰਤਰੀ ਰਹੇ ਹਨ। ਚਰਨਜੀਤ ਸਿੰਘ ਚੰਨੀ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਵੀ ਸਹੁੰ ਚੁੱਕੀ ਹੈ।ਪੰਜਾਬ ਦੇ ਇਹ ਦੋਵੇਂ ਮੰਤਰੀ ਮਾਝੇ ਤੋਂ ਆਉਂਦੇ ਹਨ।
ਇਸ ਤੋਂ ਬਾਅਦ ਚੰਨੀ ਨੇ ਕਿਹਾ ਹੈ ਕਿ ‘ਮੈਂ ਤੇ ਮੇਰੀ ਕੈਬਨਿਟ ਅਸੀਂ ਇਹ ਨਹੀਂ ਸੁਣਨਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਰੇਤ ਮਾਫੀਆ ਹੈ।ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੂੰ ‘ਪਾਣੀ ਦੇ ਰਾਖੇ’ ਵੀ ਕਿਹਾ ਗਿਆ ਹੈ। ਜੋ ਕੰਮ ਅਧੂਰੇ ਰਹਿ ਗਏ ਅਸੀਂ ਪੂਰੇ ਕਰਾਂਗੇ। ਮੈਨੂੰ ਉਹੀ ਬੰਦੇ ਮਿਲਣ ਜੋ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ। ਮੈਂ ਗ਼ਰੀਬ ਦਾ ਨੁਮਾਇੰਦਾ ਹਾਂ। ਮੈਂ ਆਪਣੇ ਪੰਜਾਬ ਦੇ ਹਰ ਆਮ ਇਨਸਾਨ ਦਾ ਨੁਮਾਇੰਦਾ ਹਾਂ। ਕਿਸੇ ਵਿਅਕਤੀ ਦਾ ਇਸ ਲਈ ਪਾਣੀ ਦਾ ਕਨੈਕਸ਼ਨ ਨਹੀਂ ਬੰਦ ਕੀਤਾ ਜਾਵੇਗਾ ਕਿ ਉਸ ਨੇ ਬਿਲ ਅਦਾ ਨਹੀਂ ਕੀਤਾ। ਹਾਈਕਮਾਨ ਵੱਲੋਂ ਦਿੱਤੇ ਗਏ 18 ਮੁੱਦਿਆਂ ਨੂੰ ਹੁਣੇ ਹੱਲ ਕੀਤਾ ਜਾਵੇਗਾ। ਕੋਈ ਵੀ ਮੁੱਦਾ ਅੱਗੇ ਲਈ ਨਹੀਂ ਪਾਇਆ ਜਾਵੇਗਾ। ਇੱਕ ਮੇਰੀ ਅਪੀਲ ਉੱਤੇ ਸਾਰੇ ਹੜਤਾਲਾਂ ਬੰਦ ਕਰਕੇ ਕੰਮ ਉੱਤੇ ਆ ਜਾਓ, ਮੈਨੂੰ ਥੋੜ੍ਹਾ ਵਕਤ ਦਿਓ, ਮੈਂ ਸਾਰੇ ਮਸਲੇ ਹੱਲ ਕਰਾਂਗੇ। ਮੈਂ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰ ਤੋਂ ਹਾਂ। ਬਿਜਲੀ ਦਾ ਬਿੱਲ ਮੇਰੇ ਘਰ ਆਉਂਦਾ ਹੈ ਤਾਂ ਉਸ ਨੂੰ ਵੇਖ ਕੇ ਮੇਰੀ ਪਤਨੀ ਕਹਿੰਦੀ ਹੈ, ‘ਮੇਰੇ ਖਾਤੇ ਵਿੱਚੋਂ ਜਾਣੇ ਹਨ’। ਮੈਂ ਆਮ ਆਦਮੀ ਦੀ ਅਵਾਜ਼ ਬਣਾਂਗਾ ਤੇ ਕਿਸਾਨੀ ਸੰਘਰਸ਼ ਦੇ ਨਾਲ ਖੜਾਂਗਾ।
ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ,ਹਰੀਸ਼ ਰਾਵਤ ਅਤੇ ਬਾਅਦ ਵਿੱਚ ਰਾਹੁਲ ਗਾਂਧੀ ਵੀ ਪਹੁੰਚੇ। ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲਿਆ ਅਤੇ ਇਸ ਦੌਰਾਨ ਕਾਂਗਰਸ ਦੇ ਆਗੂ ਮੌਜੂਦ ਰਹੇ।
Real Estate