ਨਿਊਯਾਰਕ ਦੀ ਗਵਰਨਰ ਨੇ ਦਿੱਤੇ 191 ਕੈਦੀਆਂ ਦੀ ਰਿਹਾਈ ਦੇ ਆਦੇਸ਼

115

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਦੀ ਨਵੀਂ ਗਵਰਨਰ ਕੈਥੀ ਹੋਚਲ ਨੇ ਸ਼ੁੱਕਰਵਾਰ ਨੂੰ “ਲੈੱਸ ਇਜ਼ ਮੋਰ” ਐਕਟ ‘ਤੇ ਹਸਤਾਖਰ ਕਰਦਿਆਂ ਅਤੇ ਸਟੇਟ ਜੇਲ੍ਹ ਦੀ ਆਬਾਦੀ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਰਾਈਕਰਜ਼ ਆਈਲੈਂਡ ਜੇਲ੍ਹ ਵਿਚਲੇ 191 ਕੈਦੀਆਂ ਦੀ ਤੁਰੰਤ ਰਿਹਾਈ ਦੇ ਆਦੇਸ਼ ਦਿੱਤੇ ਹਨ।
ਕੈਥੀ ਅਨੁਸਾਰ ਨਿਊਯਾਰਕ ਦੇਸ਼ ਦੇ ਕਿਸੇ ਵੀ ਹੋਰ ਭਾਗ ਨਾਲੋਂ ਪੈਰੋਲ ਦੀ ਉਲੰਘਣਾ ਕਰਨ ਲਈ ਵਧੇਰੇ ਲੋਕਾਂ ਨੂੰ ਕੈਦ ਕਰਦਾ ਹੈ ਜੋ ਕਿ ਸ਼ਰਮ ਦੀ ਗੱਲ ਹੈ, ਅਤੇ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਇਸ ਲਈ ਇਹ ਲੋਕ ਪ੍ਰਸ਼ਾਸਨ ਦੇ ਸਮਰਥਨ ਅਤੇ ਸਤਿਕਾਰ ਨਾਲ ਸਮਾਜ ਵਿੱਚ ਦੁਬਾਰਾ ਦਾਖਲ ਹੋਣ ਦੇ ਹੱਕਦਾਰ ਹਨ। “ਲੈੱਸ ਇਜ਼ ਮੋਰ” ਐਕਟ ਦਾ ਉਦੇਸ਼ ਉਨ੍ਹਾਂ ਪੈਰੋਲੀਆਂ ਨੂੰ ਸਨਮਾਨ ਦੇਣਾ ਹੈ ਜੋ ਸਫਲਤਾਪੂਰਵਕ ਕਮਿਊਨਿਟੀ ਵਿੱਚ ਦੁਬਾਰਾ ਦਾਖਲ ਹੋਏ ਹਨ ਅਤੇ ਨਾਲ ਹੀ ਸੁਣਵਾਈ ਦੀਆਂ ਤਾਰੀਖਾਂ ਦੇ ਵਿਚਲੇ ਸਮੇਂ ਨੂੰ ਤੇਜ਼ ਕਰਕੇ ਜੇਲ੍ਹਾਂ ਵਿੱਚ ਭੀੜ ਨੂੰ ਘਟਾਉਣਾ ਹੈ।
191 ਕੈਦੀਆਂ ਨੂੰ ਰਿਹਾਅ ਕਰਨ ਤੋਂ ਇਲਾਵਾ, ਹੋਚਲ ਅਨੁਸਾਰ ਹੋਰ ਵਾਧੂ 200 ਦੋਸ਼ੀ ਕੈਦੀ ਜਿਨ੍ਹਾਂ ਦੀ ਸਜ਼ਾ ਵਿੱਚ 60 ਤੋਂ 90 ਦਿਨਾਂ ਤੋਂ ਵੀ ਘੱਟ ਸਮਾਂ ਬਾਕੀ ਹੈ, ਨੂੰ ਰਾਈਕਰਜ਼ ਜੇਲ੍ਹ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਉਹ ਵੱਖਰੀ ਸਟੇਟ ਸਹੂਲਤ ਵਿੱਚ ਤਬਦੀਲ ਹੋਣਗੇ।
ਪ੍ਰਸ਼ਾਸਨ ਅਨੁਸਾਰ ਰਾਈਕਰਜ਼ ਆਈਲੈਂਡ ਜੇਲ੍ਹ 2027 ਤੱਕ ਹਿੰਸਾ ਅਤੇ ਅਣਗਹਿਲੀ ਦੇ ਮੁੱਦਿਆਂ ਕਾਰਨ ਬੰਦ ਹੋਣ ਵਾਲੀ ਹੈ।

Real Estate