ਪਹਿਲੇ ਵਿਸਵ ਯੁੱਧ ਦੇ ਲੜਾਕੂ ਦੀ ਯਾਦ ਖੰਡਰ ਬਣ ਰਿਹੈ ਜਮਾਦਾਰ ਹਰਨਾਮ ਸਿੰਘ ਦਾ ਛੋਟਾ ਬੰਗਲਾ ਰੂਪੀ ਘਰ

149

ਬਲਵਿੰਦਰ ਸਿੰਘ ਭੁੱਲਰ

ਕੁਦਰਤ ਨੇ ਹਰ ਜੀਵਨ ਕਰਮ ਦੇ ਲਈ ਸਮਾਂ ਸਿਧਾਂਤ ਤਹਿ ਕੀਤੇ ਹੋਏ ਹਨ। ਇਨਸਾਨ ਪਸੂ ਪੰਛੀ ਜਾਨਵਰ ਆਦਿ ਸਭ ਇਹਨਾਂ ਸਿਧਾਂਤਾਂ ਅਨੁਸਾਰ ਕੰਮ ਕਰਦੇ ਹਨ, ਬਣਾਉਂਦੇ ਹਨ ਢਾਉਂਦੇ ਹਨ ਅਤੇ ਜੀਵਨ ਬਸਰ ਕਰਕੇ ਚਲੇ ਜਾਂਦੇ ਹਨ। ਖਾਣ ਪੀਣ ਤੋਂ ਇਲਾਵਾ ਲੋੜ ਅਨੁਸਾਰ ਰਹਿਣ ਦਾ ਪ੍ਰਬੰਧ ਵੀ ਕਰਦੇ ਹਨ। ਘੁੱਗੀ ਚਾਰ ਕੁ ਡੱਕੇ ਰੱਖ ਕੇ ਆਲ੍ਹਣਾ ਸੰਪੂਰਨ ਕਰ ਲੈਂਦੀ ਹੈ ਤੇ ਉਸ ਵਿੱਚ ਹੀ ਆਂਡੇ ਦੇ ਕੇ ਬੱਚੇ ਪਾਲ ਲੈਂਦੀ ਹੈ। ਬਿਜੜਾ ਦਿਨ ਰਾਤ ਮਿਹਨਤ ਕਰਕੇ ਸ਼ਾਨਦਾਰ ਆਲ੍ਹਣਾ ਬੁਣਦਾ ਹੈ, ਉਸ ਵਿੱਚ ਝੋਲੀ ਬਣਾ ਕੇ ਉਸ ’ਚ ਬੱਚੇ ਪਾਲਣ ਲਗਦਾ ਹੈ। ਪਰ ਜੋਰਦਾਰ ਹਨੇਰੀ ਆਉਂਦੀ ਹੈ ਤਾਂ ਘੁੱਗੀ ਦਾ ਆਲ੍ਹਣਾ ਵੀ ਖਤਮ ਹੋ ਜਾਂਦਾ ਹੈ ਤੇ ਬਿਜੜੇ ਦਾ ਵੀ। ਉਹ ਫਿਰ ਏਸ ਕੰਮ ਵਿੱਚ ਲੱਗ ਜਾਂਦੇ ਹਨ। ਇਨਸਾਨ ਜਾਗਰੂਕ ਤੇ ਸਮਝਦਾਰ ਹੈ, ਜੋ ਜਿੰਦਗੀ ਦੀ ਕਮਾਈ ਦੇ ਵੱਡੇ ਹਿੱਸੇ ਨਾਲ ਆਪਣੇ ਰਹਿਣ ਲਈ ਹਨੇਰੀਆਂ ਝੱਖੜਾਂ ਤੋਂ ਬਚਣ ਵਾਲਾ ਸੁੰਦਰ ਮਕਾਨ ਬਣਾਉਂਦਾ ਹੈ, ਉਹਦੀ ਆਰਜੂ ਲੰਬੀ ਜਰੂਰ ਹੁੰਦੀ ਹੈ ਪਰ ਇੱਕ ਦਿਨ ਉਹ ਵੀ ਖਤਮ ਹੋ ਜਾਂਦਾ ਹੈ। ਮੈਂ ਅਜਿਹੇ ਹੀ ਇੱਕ ਮਕਾਨ ਦੀ ਗੱਲ ਕਰਨ ਲੱਗਾ ਹਾਂ ਜੋ ਉਨੀਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਬਣਿਆਂ ਤਾਂ ਲੋਕ ਅਚੰਭੇ ਨਾਲ ਦੇਖਣ ਆਉਂਦੇ ਸਨ। ਲੋਕ ਉਸ ਮਕਾਨ ਨੂੰ ਛੋਟਾ ਬੰਗਲਾ ਵੀ ਕਹਿ ਦਿੰਦੇ, ਭਾਵੇਂ ਕਿ ਬੰਗਲਾ ਤਾਂ ਉਸ ਸਮੇਂ ਅੰਗਰੇਜ ਅਫ਼ਸਰਾਂ ਦੀ ਰਿਹਾਇਸ ਨੂੰ ਕਿਹਾ ਜਾਂਦਾ ਸੀ, ਪਰੰਤੂ ਸਮੇਂ ਅਨੁਸਾਰ ਕੱਚੇ ਮਕਾਨਾਂ ਜਾਂ ਅਧਪੱਕੇ ਮਕਾਨਾਂ ਦੇ ਮੁਕਾਬਲੇ ਜਦੋਂ ਕੋਈ ਵੱਧ ਸਹੂਲਤਾਂ ਵਾਲਾ ਸੁੰਦਰ ਮਕਾਨ ਬਣਾਉਂਦਾ ਤਾਂ ਲੋਕ ਛੋਟਾ ਬੰਗਲਾ ਕਹਿ ਕੇ ਮਾਣ ਵਧਾਉਂਦੇ। ਪਰ ਹੁਣ ਉਹ ਵਿਰਾਨ ਹੈ ਉਦਾਸ ਹੈ ਤੇ ਖੰਡਰ ਦਾ ਰੂਪ ਬਣਦਾ ਜਾ ਰਿਹਾ ਹੈ। ਇਹ ਮਕਾਨ ਹੁਣ ਦੇ ਜਿਲ੍ਹਾ ਬਰਨਾਲਾ ਦੇ ਪਿੰਡ ਬੀਹਲਾ ਦੇ ਜਮਾਦਾਰ ਹਰਨਾਮ ਸਿੰਘ ਨੇ ਬਣਾਇਆ ਸੀ। ਉਹ ਲੰਬਾ ਸਮਾਂ ਫੌਜ ਵਿੱਚ ਰਹਿ ਕੇ ਦੇਸ ਦੀ ਸੇਵਾ ਕਰਦੇ ਰਹੇ, ਜਮਾਦਾਰ ਉਹਨਾਂ ਦਾ ਰੈਂਕ ਸੀ, ਜੋ ਅੱਜ ਕੱਲ ਦੇ ਨਾਇਬ ਸੂਬੇਦਾਰ ਦੇ ਬਰਾਬਰ ਹੁੰਦਾ ਸੀ। ਪਹਿਲੇ ਸੰਸਾਰ ਯੁੱਧ ਵਿੱਚ ਉਹਨਾਂ ਹਿੱਸਾ ਲੈਂਦਿਆਂ ਲੜਾਈ ਲੜੀ।
ਲੜਾਈ ਖਤਮ ਹੋਣ ਉਪਰੰਤ ਉਹ ਅੰਗਰੇਜੀ ਰਾਜ ਸਮੇਂ ਹੀ ਪੈਨਸਨ ਆ ਗਏ, ਉਹਨਾਂ ਨੂੰ ਉਸ ਸਮੇਂ ਨੌਂ ਰੁਪਏ ਪ੍ਰਤੀ ਮਹੀਨਾ ਪੈਨਸਨ ਮਿਲਦੀ ਸੀ। ਸਮੇਂ ਅਨੁਸਾਰ ਇਹ ਚੰਗੀ ਰਕਮ ਸੀ, ਜਿਸ ਨਾਲ ਸਾਰਾ ਮਹੀਨਾਂ ਖਰਚ ਕਰਕੇ ਉਹ ਬੱਚਤ ਵੀ ਕਰ ਲੈਂਦੇ ਸਨ। ਇਸਤੋਂ ਇਲਾਵਾ ਉਹ ਜ਼ਮੀਨ ਜਾਇਦਾਦ ਦੇ ਵੀ ਮਾਲਕ ਸਨ। ਪੈਨਸਨ ਆ ਕੇ ਹਰ ਵਿਅਕਤੀ ਵਾਂਗ ਉਹਨਾਂ ਅੰਦਰ ਵੀ ਮਕਾਨ ਬਣਾਉਣ ਦੀ ਇੱਛਾ ਪ੍ਰਬਲ ਹੋਈ। ਉਹਨਾਂ ਦੀ ਸਰਵਿਸ ਅੰਗਰੇਜੀ ਰਾਜ ਦੀ ਸੀ, ਉਹਨਾਂ ਅੰਗਰੇਜਾਂ ਦੇ ਘਰਾਂ ਕੋਠੀਆਂ ਵਿੱਚ ਸਹੂਲਤਾਂ ਦੇਖੀਆਂ ਸਨ, ਇਸ ਲਈ ਉਹ ਵੱਖਰੀ ਕਿਸਮ ਦਾ ਮਕਾਨ ਬਣਾਉਣ ਲੱਗੇ। ਇਹ ਮਕਾਨ ਸੰਨ 1936 ਵਿੱਚ ਬਣ ਕੇ ਮੁਕੰਮਲ ਹੋਇਆ। ਇਹ ਮਕਾਨ ਵੀਹੀ ਨਾਲੋਂ ਕਰੀਬ ਦੋ ਫੁੱਟ ਉੱਚਾ ਹੈ, ਸਾਰੀਆਂ ਦੀਵਾਰਾਂ ਡੇਢ ਇੱਟ ਚੌੜੀਆਂ ਹਨ ਤੇ ਉਹ ਇੱਟਾਂ ਵੀ ਅੱਜ ਨਾਲੋਂ ਵੱਡੀਆਂ ਹੁੰਦੀਆਂ ਸਨ, ਛੱਤਾਂ ਗਾਡਰਾਂ ਤੇ ਟੀ ਆਇਰਨਾਂ ਪਾ ਕੇ ਬਣਾਈਆਂ ਹਨ, ਘਰ ਮੂਹਰੇ ਕਰੀਬ ਢਾਈ ਫੁੱਟ ਚੌੜੀ ਚੌਕੜੀ ਬਣੀ ਹੋਈ ਹੈ। ਮੂਹਰੇ ਇੱਕ ਦਰਵਾਜਾ ਹੈ, ਜਿਸ ਨੂੰ ਛੋਟੇ ਸਾਇਜ ਦਾ ਗੇਟ ਲੱਗਾ ਹੋਇਆ ਹੈ, ਉਸਤੇ ਚੰਗੀ ਮੀਨਾਕਾਰੀ ਕਰਕੇ ਉਪਰ ਪਿੱਤਲ ਦੇ ਕੋਕੇ ਤੇ ਫੁੱਲ ਲੱਗੇ ਹੋਏ ਹਨ। ਦਰਵਾਜੇ ਦੀ ਛੱਤ ਕਰੀਬ ਤਿੰਨ ਫੁੱਟ ਗਲੀ ਵੱਲ ਵਧਾ ਕੇ ਉਸਦੇ ਚਾਰੇ ਪਾਸੇ ਸਰੀਆਂ ਦਾ ਜਾਲ ਬਣਿਆ ਹੋਇਆ ਹੈ। ਉ¤ਪਰ ਚੁਬਾਰਾ ਹੈ, ਜਿਸਦੀ ਛੱਤ ਤੋਂ ਅੱਗੇ ਵੀਹੀ ਵੱਲ ਕਰੀਬ ਤਿੰਨ ਫੁੱਟ ਲੋਹੇ ਦੀਆਂ ਚਾਦਰਾਂ ਦਾ ਵਾਧਰਾ ਹੈ, ਜਿਸਨੂੰ ਝਾਲਰਾਂ ਵੀ ਲੱਗੀਆਂ ਹੋਈਆਂ ਹਨ। ਚਬਾਰੇ ਦੇ ਸਿਖ਼ਰ ਇੱਕ ਸਰੀਆ ਗੱਡ ਕੇ ਉਸਤੇ ਲੋਹੇ ਦੀ ਚਾਦਰ ਦੀ ਮੋਰਨੀ ਸੀ, ਜੋ ਘੁੰਮ ਕੇ ਹਵਾ ਦੀ ਦਿਸ਼ਾ ਪ੍ਰਗਟ ਕਰਦੀ ਸੀ। ਦਰਵਾਜੇ ਤੇ ਚੁਬਾਰੇ ਵਿੱਚ ਚਾਰ ਚੁਫ਼ੇਰੇ ਹਵਾਦਾਰ ਤਾਕੀਆਂ ਤੇ ਰੰਗਦਾਰ ਸ਼ੀਸਿਆਂ ਵਾਲੇ ਰੌਸ਼ਨਦਾਨ ਹਨ, ਜੋ ਇੱਕ ਰੱਸੀ ਦੇ ਸਹਾਰੇ ਖੋਹਲੇ ਬੰਦ ਕੀਤੇ ਜਾਂਦੇ। ਚੁਬਾਰੇ ਦੇ ਇੱਕ ਪਾਸੇ ਕੰਧ ਵਿੱਚ ਧੂੰਆਂ ਕੱਢਣ ਵਾਲੀ ਚਿਮਨੀ ਬਣੀ ਹੋਈ ਹੈ, ਉਸ ਦੇ ਹੇਠਾਂ ਸਰਦੀਆਂ ਵਿੱਚ ਲੱਕੜਾਂ ਨੂੰ ਅੱਗ ਲਾ ਕੇ ਰੱਖ ਦਿੱਤਾ ਜਾਂਦਾ ਸੀ, ਤਾਂ ਜੋ ਚੁਬਾਰਾ ਗਰਮ ਹੋ ਜਾਵੇ, ਇਹੋ ਜਿਹੀ ਚਿਮਨੀ ਕਈ ਵਾਰ ਫਿਲਮਾਂ ਵਿੱਚ ਵੇਖੀ ਜਾਂਦੀ ਹੈ। ਛੱਤ ਦੇ ਚਾਰਾਂ ਖੂੰਜਿਆਂ ਤੇ ਲਾਟੂ ਲਟਕਦੇ ਹਨ।
ਦਰਵਾਜੇ ਤੋਂ ਅੱਗੇ ਛੋਟਾ ਵਿਹੜਾ ਹੈ, ਜਿਸਦੇ ਇੱਕ ਪਾਸੇ ਰਸੋਈ ਹੈ, ਜਿਸਨੂੰ ਝਲਾਨੀ ਕਹਿੰਦੇ ਸਨ, ਜਿਸ ਵਿੱਚ ਅਲਮਾਰੀਆਂ ਤੋਂ ਇਲਾਵਾ ਸਮਾਨ ਰੱਖਣ ਲਈ ਪੜਛੱਤੀ, ਗੁੜ ਤੇ ਆਟਾ ਸੰਭਾਲਣ ਲਈ ਭੜੋਲੇ ਤੇ ਬੱਕਲੀਆਂ ਕੁੱਟਣ ਲਈ ਉਖਲੀ ਹੈ। ਇਸ ਦੀ ਕੰਧ ਵਿੱਚ ਵੀ ਚਿਮਨੀ ਬਣੀ ਹੋਈ ਸੀ, ਜਿਸਦੇ ਹੇਠਾਂ ਚੁੱਲ੍ਹਾ ਬਾਲਿਆ ਜਾਂਦਾ ਸੀ। ਵਿਹੜੇ ਦੇ ਇੱਕ ਪਾਸੇ ਚੁੱਲ੍ਹਾ ਚੌਂਤਰਾ ਹੈ, ਜਿਸਦੇ ਪਿੱਛੇ ਦੁੱਧ ਕਾੜ੍ਹਨ ਵਾਲੇ ਹਾਰੇ ਹਨ, ਹਾਰਿਆਂ ਦਾ ਧੂੰਆਂ ਨਿਕਲਣ ਲਈ ਵੀ ਕੰਧ ਵਿੱਚ ਚਿਮਨੀ ਬਣਾਈ ਗਈ ਹੈ, ਇਸ ਪਾਸੇ ਹੀ ਪੌੜੀਆਂ ਹਨ। ਵਿਹੜੇ ਤੋਂ ਅੱਗੇ ਬਰਾਂਡਾ ਹੈ, ਜਿਸਦੇ ਵਿੱਚ ਇੱਕ ਪਾਸੇ ਲੱਕੜ ਦੀ ਪੜਛੱਤੀ ਨੂੰ ਫੱਟਿਆਂ ਦੀ ਕੰਧ ਨਾਲ ਬੰਦ ਕੀਤਾ ਹੋਇਆ ਹੈ, ਜਿਸਨੂੰ ਅੰਦਰਲਾ ਚੁਬਾਰਾ ਕਿਹਾ ਜਾਂਦਾ ਹੈ, ਇਸ ਵਿੱਚ ਵਾਧੂ ਬਿਸਤਰੇ ਤੇ ਘੱਟ ਵਰਤੋਂ ਵਾਲਾ ਸਮਾਨ ਰੱਖਿਆ ਜਾਂਦਾ, ਵਿਆਹਾਂ ਸਮੇ ਲੱਡੂ ਜਲੇਬੀਆਂ ਵੀ ਇਸ ਵਿੱਚ ਹੀ ਸੰਭਾਲੇ ਜਾਂਦੇ ਸਨ। ਇਸਤੋਂ ਅੱਗੇ ਸਬਾਤ ਸੀ, ਜਿਸਦੀਆਂ ਕੱਧਾਂ ਕੱਚੀਆਂ ਸਨ, ਉਹਨਾਂ ਤੇ ਗੋਹਾ ਮਿੱਟੀ ਲਾ ਕੇ ਪਾਂਡੋ ਮਿੱਟੀ ਦਾ ਪੋਚਾ ਫੇਰਿਆ ਜਾਂਦਾ, ਜਿਸ ਨਾਲ ਪਤਾ ਹੀ ਨਹੀਂ ਸੀ ਲਗਦਾ ਕਿ ਕੰਧ ਕੱਚੀ ਹੈ ਜਾਂ ਪੱਕੀ। ਸਾਰੇ ਘਰ ਵਿੱਚ ਰੌਸ਼ਨੀ, ਧੁੱਪ ਤੇ ਹਵਾ ਦਾ ਪੂਰਾ ਪ੍ਰਬੰਧ ਸੀ।
ਇਸ ਘਰ ਵਿੱਚ ਜਮਾਦਾਰ ਹਰਨਾਮ ਸਿੰਘ ਦੇ ਘਰ ਸ੍ਰੀਮਤੀ ਬਸੰਤ ਕੁਰ ਦੀ ਕੁੱਖੋਂ ਦੋ ਪੁੱਤਰ ਤੇ ਦੋ ਪੁੱਤਰੀਆਂ ਨੇ ਜਨਮ ਲਿਆ। ਪੁੱਤਰ ਤਾਂ ਬਚਪਨ ਵਿੱਚ ਹੀ ਵਿੱਛੜ ਗਏ, ਪੁੱਤਰੀਆਂ ਨੂੰ ਉਹਨਾਂ ਸਮਰੱਥਾ ਅਨੁਸਾਰ ਪੜ੍ਹਾਇਆ ਤੇ ਵਿਆਹਿਆ, ਜਿਹਨਾਂ ਚੋਂ ਛੋਟੀ ਅਧਿਆਪਕਾ ਬਣੀ। ਦੋਵਾਂ ਪੁੱਤਰੀਆਂ ਦੇ ਬੱਚਿਆਂ ਦਾ ਜਨਮ ਵੀ ਇਸੇ ਘਰ ਵਿੱਚ ਹੋਇਆ, ਜੋ ਉਦੋਂ ਦੇ ਸੱਭਿਆਚਾਰ ਮੁਤਾਬਕ ਲੜਕੀਆਂ ਪੇਕੇ ਘਰ ਹੀ ਬੱਚੇ ਨੂੰ ਜਨਮ ਦਿੰਦੀਆਂ ਸਨ। ਸਮਾਂ ਆਪਣੀ ਰਫ਼ਤਾਰ ਨਾਲ ਤੁਰਦਾ ਗਿਆ, ਜਮਾਦਾਰ ਹਰਨਾਮ ਸਿੰਘ ਤੇ ਬਸੰਤ ਕੁਰ ਮਿਹਨਤ ਨਾਲ ਬਣਾਇਆ ਘਰ ਛੱਡ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਏ, ਧੀਆਂ ਵਿਆਹੀਆਂ ਗਈਆਂ। ਅੱਗੇ ਉਹਨਾਂ ਦੇ ਬੱਚੇ ਆਪਣੇ ਆਪਣੇ ਕੰਮਾਂ ਧੰਦਿਆਂ ਵਿੱਚ ਰੁੱਝ ਗਏ। ਘਰ ਦੀ ਸੰਭਾਲ ਨਾ ਰਹੀ, ਅਖ਼ੀਰ ਉਹ ਖਸਤਾ ਹੋ ਕੇ ਭੁਰਨ ਲੱਗਾ। ਕੰਧਾਂ ਤੋਂ ਲਿਓੜ ਡਿੱਗਣ ਲੱਗੇ, ਵਾਧਰੇ ਦੇ ਟੀਨ ਲਮਕੇ ਤੇ ਟੁੱਟ ਗਏ, ਚੌਕੜੀ ਢਹਿ ਗਈ, ਵਾਧਰੇ ਦੇ ਸਰੀਏ ਤੇ ਛੱਤਾਂ ਦੀਆਂ ਟੀ ਆਇਰਨਾਂ ਜੰਗਾਲ ਲੱਗ ਕੇ ਭੁਰ ਗਈਆਂ, ਇੱਟਾਂ ਡਿੱਗ ਪਈਆਂ, ਸਬਾਤ ਦੀ ਛੱਤ ਡਿੱਗ ਗਈ। ਘਰ ’ਚ ਵਿਰਾਨੀ ਤੇ ਉਦਾਸੀ ਛਾ ਗਈ, ਛੋਟਾ ਬੰਗਲਾ ਹੁਣ ਖੰਡਰ ਬਣ
ਗਿਆ।
ਦੁੱਖੀ ਹਿਰਦੇ ਨਾਲ ਦੱਸਣਾ ਪੈ ਰਿਹੈ, ਇਹ ਘਰ ਮੇਰੇ ਨਾਨਾ ਜੀ ਦਾ ਹੈ, ਜਿਸ ਵਿੱਚ ਰਹਿ ਕੇ ਮੈਂ ਮੁਢਲੀ ਪੜ੍ਹਾਈ ਵੀ ਕੀਤੀ ਸੀ। ਹੁਣ ਜਦੋਂ ਘਰ ਦੀ ਯਾਦ ਆਉਂਦੀ ਐ ਤਾਂ ਭੱਜ ਕੇ ਜਾਈਦਾ ਹੈ, ਕਿਉਂਕਿ ਇਸ ਨਾਲ ਪੁਰਾਣੀਆਂ ਯਾਦਾਂ ਦੀ ਸਾਂਝ ਹੈ, ਪਰ ਉੱਥੇ ਪਹੁੰਚ
ਕੇ ਮਨ ਉਦਾਸ ਹੋ ਜਾਂਦਾ ਹੈ ਦਿਲ ਨੂੰ ਹੌਲ ਜਿਹਾ ਪੈਣ ਲਗਦਾ ਹੈ। ਪਰ ਜੀਵਨ ਦੀਆਂ ਮਜਬੂਰੀਆਂ ਵੱਲ ਵੇਖਦਿਆਂ ਸਬਰ ਹੀ ਕਰਨਾ ਪੈਂਦਾ ਹੈ। ਕਈ ਵਾਰ ਖਿਆਲ ਆਉਂਦੈ ਕਿ ਕਟਾਵੱਢੀ ਵੇਲੇ ਲੱਖਾਂ ਮੁਸਲਮਾਨ ਆਪਣੇ ਭਰੇ ਭਰਾਏ ਘਰ ਛੱਡ ਕੇ ਪਾਕਿਸਤਾਨ ਚਲੇ ਗਏ ਤੇ ਉਹ ਜਿਉਂਦੇ ਜੀਅ ਮੁੜ ਘਰ ਦੇ ਦਰਸਨਾਂ ਲਈ ਤਾਂਘਦੇ ਰਹੇ। ਅਸੀਂ ਤਾਂ ਆਪਣੇ ਦੇਸ ਵਿੱਚ ਹੀ ਰਹਿ ਕੇ ਪ੍ਰਦੇਸੀ ਜਿਹੇ ਬਣ ਗਏ ਹਾਂ, ਪਰ ਆਖ਼ਰੀ ਹੱਲ ਸਬਰ ਹੀ ਬਣਦੈ। ਬੀਹਲੇ ਵਿੱਚ ਘਰ ਤਾਂ ਹੋਰ ਵੀ ਚੰਗੇ ਚੰਗੇ ਸਨ, ਜਿਹਨਾਂ ਵਿੱਚ ਬਾਬਾ ਬਸੰਤ ਕਾ ਦਰਵਾਜਾ, ਅਕਾਲੀਆਂ ਦਾ ਘਰ, ਬੈਰਿਸਟਰਾਂ ਦਾ ਵੱਡਾ ਮਕਾਨ, ਰਲਾ ਸਿਉਂ ਦਾ ਦਰਵਾਜਾ ਆਦਿ ਤੋਂ ਇਲਾਵਾ ਸਾਧੂ ਕੀ ਹਵੇਲੀ ਤੇ ਜਬਰ ਸਿਉਂ ਕੀ ਹਵੇਲੀ ਵੀ ਗਿਣਨਯੋਗ ਹਨ, ਪਰ ਇਸ ਮਕਾਨ ਦੀ ਖਾਸੀਅਤ ਇਹ ਸੀ ਕਿ ਇਸਦੀ ਦਿੱਖ ਅੰਗਰੇਜੀ ਸੀ ਤੇ ਅਧੁਨਿਕ ਸਹੂਲਤਾਂ ਸਨ।

ਭੁੱਲਰ ਹਾਊਸ, ਗਲੀ ਨੰ: 12, ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate