67 ਸਾਲਾਂ ਬਾਅਦ ਵਾਪਸ ਟਾਟਾ ਕੋਲ ਜਾਵੇਗੀ ਏਅਰ ਇੰਡੀਆ ?

399

ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਤੇ ਸਪਾਈਸ ਜੈੱਟ ਦੇ ਅਜੈ ਸਿੰਘ ਵੀ ਘਾਟੇ ਵਿਚ ਚੱਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਦੇ ਗ੍ਰਹਿਣ ਵਾਸਤੇ ਬੋਲੀਆਂ ਜਮ੍ਹਾਂ ਕਰਵਾਉਣ ਵਾਲਿਆਂ ’ਚ ਸ਼ਾਮਲ ਹਨ। ਨਿਵੇਸ਼ ਤੇ ਲੋਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੂਹਿਨ ਕਾਂਤ ਪਾਂਡੇ ਨੇ ਟਵਿੱਟਰ ’ਤੇ ਲਿਖਿਆ ਹੈ ਕਿ ਏਅਰ ਇੰਡੀਆ ਲਈ ਬੋਲੀਆਂ ਮਿਲੀਆਂ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੀਆਂ ਕੰਪਨੀਆਂ ਨੇ ਬੋਲੀਆਂ ਭੇਜੀਆਂ ਹਨ। ਟਾਟਾ ਸੰਨਜ਼ ਦੇ ਤਰਜ਼ਮਾਨ ਨੇ ਇਸ ਦੀ ਪੁਸ਼ਟੀ ਕੀਤੀ ਕਿ ਸਮੂਹ ਨੇ ਏਅਰ ਇੰਡੀਆ ਲਈ ਬੋਲੀ ਭਰੀ ਹੈ। ਹੁਣ ਇਨ੍ਹਾਂ ਬੋਲੀਆਂ ਦਾ ਅਣਐਲਾਨੀ ਰਾਖਵੀਂ ਕੀਮਤ ਦੇ ਮੁਕਾਬਲੇ ਮੁਲਾਂਕਣ ਕੀਤਾ ਜਾਵੇਗਾ ਅਤੇ ਮਿੱਥੇ ਟੀਚੇ ਨਾਲੋਂ ਸਭ ਤੋਂ ਵੱਧ ਕੀਮਤ ਦੇਣ ਵਾਲੀ ਬੋਲੀ ਮਨਜ਼ੂਰ ਕਰ ਲਈ ਜਾਵੇਗੀ। ਮਨਜ਼ੂਰੀ ਲਈ ਮੰਤਰੀ ਮੰਡਲ ਕੋਲ ਭੇਜਣ ਤੋਂ ਪਹਿਲਾਂ ਬੋਲੀ ਦੀ ਮੁੱਢਲੀ ਜਾਂਚ ਲੈਣ-ਦੇਣ ਸਲਾਹਕਾਰ ਵੱਲੋਂ ਕੀਤੀ ਜਾਵੇਗੀ। ਜੇਕਰ ਟਾਟਾ ਸਮੂਹ ਦੀ ਬੋਲੀ ਪ੍ਰਵਾਨ ਹੋ ਜਾਂਦੀ ਹੈ ਤਾਂ 67 ਸਾਲਾਂ ਦੇ ਵਕਫ਼ੇ ਮਗਰੋਂ ਏਅਰ ਇੰਡੀਆ ਇਕ ਵਾਰ ਫਿਰ ਤੋਂ ਟਾਟਾ ਦੇ ਸਪੁਰਦ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਵੱਲੋਂ ਅਕਤੂਬਰ 1932 ਵਿਚ ਟਾਟਾ ਏਅਰਲਾਈਨਜ਼ ਵਜੋਂ ਏਅਰ ਇਡੀਆ ਦੀ ਸਥਾਪਨਾ ਕੀਤੀ ਗਈ ਸੀ। ਬਾਅਦ ਵਿਚ 1953 ’ਚ ਸਰਕਾਰ ਨੇ ਇਸ ਏਅਰਲਾਈਨ ਨੂੰ ਕੌਮੀਕ੍ਰਿਤ ਕਰ ਦਿੱਤਾ ਸੀ।

Real Estate