ਓਹੀਓ ਦੇ ਘਰ ਵਿੱਚ ਲੱਗੀ ਅੱਗ ਕਾਰਨ 3 ਬੱਚਿਆਂ ਸਮੇਤ ਹੋਈ 5 ਲੋਕਾਂ ਦੀ ਮੌਤ

95

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਓਹੀਓ ਵਿੱਚ ਸੋਮਵਾਰ ਨੂੰ ਵਾਪਰੇ ਇੱਕ ਘਰੇਲੂ ਅਗਨੀ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋਈ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਉੱਤਰੀ ਓਹੀਓ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਨਾਲ ਤਿੰਨ ਬੱਚਿਆਂ ਅਤੇ ਦੋ ਬਾਲਗਾਂ ਵਿਅਕਤੀਆਂ ਦੀ ਮੌਤ ਹੋਈ ਹੈ। ਸੋਮਵਾਰ ਸਵੇਰੇ 1 ਵਜੇ ਦੇ ਕਰੀਬ ਕਲੀਵਲੈਂਡ ਦੇ ਦੱਖਣ ‘ਚ ਅਕਰੋਨ ਵਿੱਚ ਸਥਿਤ ਘਰ ਨੂੰ ਅੱਗ ਲੱਗਣ ਤੋਂ ਬਾਅਦ ਚਾਰ ਹੋਰ ਲੋਕ ਜਖਮੀ ਵੀ ਹੋਏ ਹਨ। ਅਕਰੋਨ ਪਬਲਿਕ ਸਕੂਲ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਉਮਰ 5, 11 ਅਤੇ 16 ਸਾਲ ਸੀ। ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਜਦਕਿ ਫਾਇਰ ਅਧਿਕਾਰੀਆਂ ਨੇ ਘਟਨਾ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ। ਫਾਇਰ ਵਿਭਾਗ ਅਨੁਸਾਰ ਜਦੋਂ ਫਾਇਰ ਫਾਈਟਰ ਕਾਰਵਾਈ ਕਰਦਿਆਂ ਘਰ ਪਹੁੰਚੇ ਤਾਂ ਘਰ ਦੇ ਤਿੰਨ ਪਾਸਿਆਂ ਤੋਂ ਅੱਗ ਦੀਆਂ ਲਪਟਾਂ ਚੱਲ ਰਹੀਆਂ ਸਨ। ਜਾਣਕਾਰੀ ਅਨੁਸਾਰ ਗੁਆਂਢੀਆਂ ਨੇ ਘਟਨਾ ਦੌਰਾਨ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਾਸੂਮ ਬੱਚਿਆਂ ਦੀ ਜਾਨ ਨਹੀਂ ਬਚ ਸਕੀ।

Real Estate