ਅਮਰੀਕਾ ‘ਚ ਨੈਸ਼ਨਲ ਗਾਰਡ ਚਲਾਉਣਗੇ ਸਕੂਲੀ ਬੱਸਾਂ

80

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕਈ ਸੂਬਿਆਂ ਦੇ ਸਕੂਲ ਬੱਸ ਡਰਾਈਵਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸੇ ਘਾਟ ਦੇ ਚਲਦਿਆਂ ਮੈਸੇਚਿਉਸੇਟਸ ਦੇ ਰਾਜਪਾਲ ਚਾਰਲੀ ਬੇਕਰ ਨੇ ਆਪਣੇ ਰਾਜ ਵਿੱਚ ਸਕੂਲੀ ਡਰਾਈਵਰਾਂ ਦੀ ਘਾਟ ਦੇ ਹੱਲ ਲਈ ਨੈਸ਼ਨਲ ਗਾਰਡ ਮੈਂਬਰ ਤਾਇਨਾਤ ਕੀਤੇ ਹਨ। ਸੂਬਾ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਸਕੂਲ ਤੋਂ ਲਿਆਉਣ/ ਲਿਜਾਣ ਲਈ ਤਕਰੀਬਨ 250 ਮੈਸੇਚਿਉਸੇਟਸ ਗਾਰਡ ਮੈਂਬਰ ਉਪਲਬਧ ਕਰਵਾਏ ਹਨ।
ਗਵਰਨਰ ਅਨੁਸਾਰ ਨੈਸ਼ਨਲ ਗਾਰਡ ਦੇ ਕਰਮਚਾਰੀ ਵਿਦਿਆਰਥੀਆਂ ਲਈ ਵਿਸ਼ੇਸ਼ ਸਕੂਲੀ ਟਰਾਂਸਪੋਰਟ ਵੈਨਾਂ ਚਲਾਉਣਗੇ ਅਤੇ ਅਸਥਾਈ ਡਰਾਈਵਰ ਬਣਨ ਤੋਂ ਪਹਿਲਾਂ ਉਹ ਵਾਹਨ ਦੀ ਸਿਖਲਾਈ ਲੈਣਗੇ। ਜਿਸਦੇ ਤਹਿਤ ਮੰਗਲਵਾਰ ਨੂੰ 90 ਗਾਰਡ ਮੈਂਬਰਾਂ ਨੇ ਚੈਲਸੀ, ਲਾਰੈਂਸ, ਲੋਵੇਲ ਅਤੇ ਲੀਨ ਸਮੇਤ ਸਕੂਲੀ ਜ਼ਿਲ੍ਹਿਆਂ ਲਈ ਸਿਖਲਾਈ ਦੀ ਤਿਆਰੀ ਸ਼ੁਰੂ ਕੀਤੀ।
ਦੇਸ਼ ਭਰ ਦੇ ਸਕੂਲੀ ਡਿਸਟ੍ਰਿਕਟ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਕੂਲ ਬੱਸ ਡਰਾਈਵਰਾਂ ਦੀ ਘਾਟ ਨਾਲ ਜੂਝ ਰਹੇ ਹਨ। ਨੈਸ਼ਨਲ ਸਕੂਲ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਕਰਟ ਮੈਕਸੀਨ ਅਨੁਸਾਰ ਆਮ ਤੌਰ ਤੇ ਪਿਛਲੇ ਕੁੱਝ ਸਾਲਾਂ ਦੌਰਾਨ ਸਕੂਲੀ ਸਾਲ ਦੀ ਸ਼ੁਰੂਆਤ ਵਿੱਚ ਬੱਸ ਡਰਾਈਵਰਾਂ ਦੀ ਘਾਟ ਸੀ, ਪਰ ਮਹਾਂਮਾਰੀ ਨੇ ਇਸ ਨੂੰ ਹੋਰ ਵਧਾ ਦਿੱਤਾ।

Real Estate