ਅਮਰੀਕਾ : ਵੈਕਸੀਨ ਲਗਵਾਉਣ ਵਾਲੇ ਮਿਲਵਾਕੀ ਦੇ ਪਬਲਿਕ ਸਕੂਲ ਦੇ ਵਿਦਿਆਰਥੀ ਨੂੰ ਮਿਲਣਗੇ 100 ਡਾਲਰ

56

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਵਿਸਕਾਨਸਿਨ ਦੇ ਸਭ ਤੋਂ ਵੱਡੇ ਸਕੂਲ ਡਿਸਟ੍ਰਿਕਟ ਮਿਲਵਾਕੀ ਪਬਲਿਕ ਸਕੂਲਜ਼ ਵੱਲੋਂ ਕੋਵਿਡ -19 ਦਾ ਟੀਕਾ ਲਗਵਾਉਣ ਵਾਲੇ ਵਿਦਿਆਰਥੀਆਂ ਨੂੰ 100 ਡਾਲਰ ਦਿੱਤੇ ਜਾਣਗੇ। ਇਸ ਸਕੂਲ ਡਿਸਟ੍ਰਿਕਟ ਦੇ ਬੋਰਡ ਨੇ ਧਾਰਮਿਕ ਜਾਂ ਡਾਕਟਰੀ ਕਾਰਨਾਂ ਨੂੰ ਛੱਡ ਕੇ, 1 ਨਵੰਬਰ ਤੱਕ ਸਟਾਫ ਲਈ ਵੀ ਟੀਕੇ ਲਾਜ਼ਮੀ ਕਰਨ ਲਈ ਵੀਰਵਾਰ ਰਾਤ ਨੂੰ ਸਰਬਸੰਮਤੀ ਨਾਲ ਵੋਟਿੰਗ ਕੀਤੀ। ਬੋਰਡ ਨੇ ਵਿਦਿਆਰਥੀਆਂ ਲਈ ਵੈਕਸੀਨ ਦੇ ਆਦੇਸ਼ ‘ਤੇ ਵਿਚਾਰ ਕੀਤਾ ਅਤੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ 100 ਡਾਲਰ ਦੀ ਪੇਸ਼ਕਸ਼ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਜਿਸਦੇ ਤਹਿਤ 1 ਨਵੰਬਰ ਤੱਕ ਟੀਕਾਕਰਣ ਦਾ ਸਬੂਤ ਦੇਣ ਵਾਲੇ ਵਿਦਿਆਰਥੀ ਸ਼ਾਮਲ ਹਨ। ਇਸ ਸਕੂਲ ਡਿਸਟ੍ਰਿਕਟ ਵਿੱਚ ਤਕਰੀਬਨ 31,205 ਵਿਦਿਆਰਥੀ ਹਨ ਜੋ ਕਿ ਟੀਕੇ ਦੇ ਯੋਗ ਹਨ ਅਤੇ ਇਸ ਯੋਜਨਾ ਲਈ ਤਕਰੀਬਨ 3.12 ਮਿਲੀਅਨ ਡਾਲਰ ਤੱਕ ਦਾ ਖਰਚ ਆ ਸਕਦਾ ਹੈ।
ਡਿਸਟ੍ਰਿਕਟ ਦੇ ਕੋਵਿਡ -19 ਡੈਸ਼ਬੋਰਡ ਅਨੁਸਾਰ 1 ਜੁਲਾਈ ਤੋਂ ਵਿਦਿਆਰਥੀਆਂ ਅਤੇ ਸਟਾਫ ਵਿੱਚ ਕੁੱਲ 525 ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਜਦਕਿ 30 ਅਗਸਤ ਤੋਂ 3 ਸਤੰਬਰ ਦੇ ਹਫਤੇ ਦਰਮਿਆਨ 115 ਵਿਦਿਆਰਥੀਆਂ ਦੇ ਸਕਾਰਾਤਮਕ ਟੈਸਟ ਕੀਤੇ ਗਏ ਹਨ। ਇਸਦੇ ਇਲਾਵਾ ਸ਼ਹਿਰ ਦੇ ਡੈਸ਼ਬੋਰਡ ਅਨੁਸਾਰ, ਪਿਛਲੇ 14 ਦਿਨਾਂ ਵਿੱਚ, ਮਿਲਵਾਕੀ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 448 ਅਤੇ 12 ਤੋਂ 17 ਸਾਲ ਦੇ ਬੱਚਿਆਂ ਵਿੱਚ 406 ਮਾਮਲੇ ਸਾਹਮਣੇ ਆਏ ਹਨ।

Real Estate