ਸੈਣੀ ਨੂੰ 2022 ਤੱਕ ਨਹੀਂ ਕਰਨਾ ਗ੍ਰਿਫ਼ਤਾਰ !

168

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਕਿਸੇ ਵੀ ਦਰਜ ਹੋਏ ਜਾਂ ਭਵਿੱਖ ਵਿਚ ਦਰਜ ਹੋਣ ਵਾਲੇ ਮਾਮਲਿਆਂ ‘ਚ ਗ੍ਰਿਫ਼ਤਾਰੀ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਸੈਣੀ ਨੂੰ ਸਿਆਸੀ ਰੰਜਿਸ਼ ਕਾਰਨ ਮੌਜੂਦਾ ਸਰਕਾਰ ਵੱਲੋਂ ਫਸਾਇਆ ਜਾ ਰਿਹਾ ਹੈ। ਇਸ ਲਈ ਸੈਣੀ ਦੀ ਕਿਸੇ ਵੀ ਮਾਮਲੇ ‘ਚ ਫਰਵਰੀ, 2022 ਤੱਕ ਗ੍ਰਿਫ਼ਤਾਰੀ ਨਹੀਂ ਹੋਵੇਗੀ। ਸਿਰਫ ਐੱਫਆਈਆਰ ਨੰਬਰ 77 ‘ਚ ਇਹ ਹੁਕਮ ਲਾਗੂ ਨਹੀਂ ਹੋਣਗੇ ਕਿਉਂਕਿ ਉਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ। ਅਦਾਲਤ ਨੇ ਸੈਣੀ ਨੂੰ ਭਵਿੱਖ ‘ਚ ਕਿਸੇ ਵੀ ਏਜੰਸੀ ਵੱਲੋਂ ਦਰਜ ਕੀਤੇ ਜਾਣ ਵਾਲੇ ਮਾਮਲਿਆਂ ‘ਚ ਵੀ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
ਸੁਮੇਧ ਸੈਣੀ ਨੂੰ ਦੇਸ਼ ਛੱਡਣ ਤੋਂ ਪਹਿਲਾਂ ਅਦਾਲਤ ਦੀ ਮਨਜ਼ੂਰੀ ਲੈਣ ਲਈ ਕਿਹਾ ਗਿਆ ਹੈ। ਸੈਣੀ ਖ਼ਿਲਾਫ਼ ਅੰਡਰ ਟ੍ਰਾਇਲ ਮਾਮਲਿਆਂ ‘ਚ ਵੀ ਅਦਾਲਤ ਫਰਵਰੀ, 2022 ਤੋਂ ਪਹਿਲਾਂ ਕੋਈ ਆਰਡਰ ਪਾਸ ਨਹੀਂ ਕਰੇਗੀ। ਹਾਈਕੋਰਟ ਨੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ ਕਿ ਸੈਣੀ ਖ਼ਿਲਾਫ਼ ਦਰਜ ਹਰੇਕ ਮਾਮਲੇ ‘ਚ ਜਾਂਚ ‘ਤੇ ਵੀ ਫਰਵਰੀ, 2022 ਤੱਕ ਰੋਕ ਰਹੇਗੀ ਅਤੇ ਦਰਜ ਸਾਰੇ ਮਾਮਲਿਆਂ ਵਿਚ ਉਨ੍ਹਾਂ ਨੂੰ ਕੋਰਟ ਵਿਚ ਖ਼ੁਦ ਪੇਸ਼ ਨਾ ਹੋਣ ਦੀ ਛੋਟ ਵੀ ਰਹੇਗੀ।

Real Estate