ਅਮਰੀਕਾ : 100 ਤੋਂ ਵੱਧ ਕਰਮਚਾਰੀਆਂ ਵਾਲੇ ਕਾਰੋਬਾਰਾਂ ਲਈ ਜਰੂਰੀ ਹੋਵੇਗੀ ਕੋਰੋਨਾ ਵੈਕਸੀਨ

49

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਵਧ ਰਹੀ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਅਤੇ ਕੋਰੋਨਾ ਵੈਕਸੀਨ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਹੁਣ ਕੋਰੋਨਾ ਵੈਕਸੀਨ ਲਗਾਉਣੀ ਜਰੂਰੀ ਹੋਵੇਗੀ। ਇਸਦੇ ਨਾਲ ਹੀ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਡਮਿਨਿਸਟ੍ਰੇਸ਼ਨ (ਓ ਐਸ ਐਚ ਏ) ਏਜੰਸੀ 100 ਜਾਂ ਵਧੇਰੇ ਕਰਮਚਾਰੀਆਂ ਵਾਲੇ ਪ੍ਰਾਈਵੇਟ ਕਾਰੋਬਾਰਾਂ ਲਈ ਇੱਕ ਨਿਯਮ ਬਣਾਏਗੀ , ਜਿਸ ਤਹਿਤ ਉਨ੍ਹਾਂ ਦੇ ਕਰਮਚਾਰੀਆਂ ਨੂੰ ਵੈਕਸੀਨ ਦੀ ਜਰੂਰਤ ਹੋਵੇਗੀ ਅਤੇ ਟੀਕਾ ਨਾ ਲਗਵਾਉਣ ‘ਤੇ ਹਫਤਾਵਾਰੀ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ। ਇਹ ਜਰੂਰਤਾਂ ਬਾਈਡੇਨ ਪ੍ਰਸ਼ਾਸਨ ਦੁਆਰਾ ਡੈਲਟਾ ਵੇਰੀਐਂਟ ਦਾ ਮੁਕਾਬਲਾ ਕਰਨ ਲਈ ਨਵੀਂ ਛੇ-ਭਾਗਾਂ ਦੀ ਵਿਆਪਕ ਰਣਨੀਤੀ ਦਾ ਹਿੱਸਾ ਹਨ।
ਇਸ ਨਵੀਂ ਯੋਜਨਾ ਦੇ ਤਹਿਤ ਅਨੁਮਾਨ ਅਨੁਸਾਰ ਲਗਭਗ 80 ਮਿਲੀਅਨ ਕਰਮਚਾਰੀਆਂ ਅਤੇ ਕਾਰੋਬਾਰਾਂ’ਤੇ ਅਸਰ ਪਵੇਗਾ। ਜੋ ਵੀ ਏਜੰਸੀ ਦੇ ਨਿਯਮ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ 14,000 ਡਾਲਰ ਤੱਕ ਹਨ।
ਬਾਈਡੇਨ ਨੇ ਵੀਰਵਾਰ ਨੂੰ ਆਪਣੀ ਸਪੀਚ ਦੌਰਾਨ ਕਿਹਾ ਕਿ, “ਅਸੀਂ ਮੁਸ਼ਕਿਲ ਸਥਿਤੀ ਵਿੱਚ ਹਾਂ ਅਤੇ ਇਹ ਕੁੱਝ ਸਮੇਂ ਲਈ ਰਹਿ ਸਕਦਾ ਹੈ।” ਉਹਨਾਂ ਰਿਪਬਲਿਕਨ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਆਪਣੇ ਰਾਜਾਂ ਵਿੱਚ ਜਨਤਕ ਸਿਹਤ ਦੇ ਆਦੇਸ਼ਾਂ ਨੂੰ ਗੈਰਕਨੂੰਨੀ ਬਣਾਉਣ ਲਈ ਕੰਮ ਕੀਤਾ ਹੈ, ਜਿਹਨਾਂ ਵਿੱਚ ਟੈਕਸਾਸ ਦੇ ਗਵਰਨ ਗ੍ਰੇਗ ਐਬੋਟ ਅਤੇ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਸ਼ਾਮਲ ਹਨ। ਇਸਦੇ ਇਲਾਵਾ ਰਾਸ਼ਟਰਪਤੀ ਨੇ ਇਹ ਵੀ ਘੋਸ਼ਣਾ ਕੀਤੀ ਕਿ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਨਿਸਟ੍ਰੇਸ਼ਨ ਦੁਆਰਾ ਟ੍ਰੈਵਲ ਲਈ ਮਾਸਕ ਦੀ ਜਰੂਰਤ ਨੂੰ 18 ਜਨਵਰੀ ਤੱਕ ਵਧਾ ਦਿੱਤਾ ਜਾਵੇਗਾ ਅਤੇ ਪਾਲਣਾ ਨਾ ਕਰਨ ‘ਤੇ ਜੁਰਮਾਨਾ ਦੁੱਗਣਾ ਹੋ ਜਾਵੇਗਾ।

Real Estate