ਵਰਜੀਨੀਆ ‘ਚ ਕਮਾਂਡਰ ਰੌਬਰਟ ਈ ਲੀ ਦੀ ਮੂਰਤੀ ਨੂੰ ਗਿਆ ਹਟਾਇਆ

66

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਵਰਜੀਨੀਆ ਦੀ ਰਾਜਧਾਨੀ ਰਿਚਮੰਡ ਵਿੱਚ ਸਥਿਤ ਕਮਾਂਡਰ ਰੌਬਰਟ ਈ ਲੀ ਦੇ ਬੁੱਤ ਨੂੰ 8 ਸਤੰਬਰ ਦਿਨ ਬੁੱਧਵਾਰ ਨੂੰ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਇਸਦੇ ਬੇਸ ਤੋਂ ਉਤਾਰ ਦਿੱਤਾ ਗਿਆ । ਅਮਰੀਕਾ ਵਿੱਚ ਲੀ ਦਾ ਇਹ ਬੁੱਤ ਨਸਲੀ ਅਨਿਆਂ ਵਿਰੁੱਧ ਪ੍ਰਦਰਸ਼ਨਾਂ ਦਾ ਕੇਂਦਰ ਰਿਹਾ ਹੈ। ਬੁੱਤ ਨੂੰ ਉਤਾਰਨ ਵਾਲੇ ਕਰਮਚਾਰੀਆਂ ਨੇ ਲੀ ਦੀ ਤਕਰੀਬਨ 21 ਫੁੱਟ (6.4 ਮੀਟਰ) ਕਾਂਸੀ ਦੀ ਮੂਰਤੀ ਨੂੰ ਇੱਕ ਕਰੇਨ ਦੀ ਮੱਦਦ ਨਾਲ ਤਕਰੀਬਨ 40 ਫੁੱਟ (12.2 ਮੀਟਰ) ਗ੍ਰੇਨਾਈਟ ਦੀ ਚੌਂਕੀ ਤੋਂ ਉਤਾਰਿਆ। ਰਾਬਰਟ ਈ ਲੀ ਇਹ ਮੂਰਤੀ 1890 ਤੋਂ, ਰਿਚਮੰਡ ਵਿਖੇ ਸਥਿਤ ਸੀ। ਇਸ ਬੁੱਤ ਨੂੰ ਇਸਦੇ ਭਵਿੱਖ ਬਾਰੇ ਕੋਈ ਫੈਸਲਾ ਹੋਣ ਤੋਂ ਪਹਿਲਾਂ ਕਿਸੇ ਸਰਕਾਰੀ ਜਗ੍ਹਾ ‘ਤੇ ਰੱਖਿਆ ਜਾਵੇਗਾ। ਮੰਗਲਵਾਰ ਸ਼ਾਮ ਨੂੰ ਬੁੱਤ ਦੇ ਆਲੇ ਦੁਆਲੇ ਦੀਆਂ ਸੜਕਾਂ ਬੰਦ ਕਰਕੇ ਕਰਮਚਾਰੀਆਂ ਨੇ ਮੂਰਤੀ ਨੂੰ ਹਟਾਉਣ ਲਈ ਤਿਆਰੀ ਸ਼ੁਰੂ ਕੀਤੀ ਸੀ। ਦੱਸਣਯੋਗ ਹੈ ਕਿ ਪਿਛਲੇ ਵੀਰਵਾਰ, ਵਰਜੀਨੀਆ ਸੁਪਰੀਮ ਕੋਰਟ ਨੇ ਦੋ ਮਾਮਲਿਆਂ ਵਿੱਚ ਸਰਬਸੰਮਤੀ ਨਾਲ ਫੈਸਲਾ ਸੁਣਾਉਦਿਆਂ ਮੂਰਤੀ ਨੂੰ ਹਟਾਉਣ ਲਈ ਸਹਿਮਤੀ ਦਿੱਤੀ ਸੀ।

Real Estate