ਦਿੱਲੀ ਮੋਰਚਾ ਕਰਨਾਲ ਸ਼ਿਫਟ ਕਰਾਉਣ ਦੀ ਖੱਟਰ ਨੇ ਖੇਡੀ ਹੈ ਚਾਲ : ਟਿਕੈਤ

171

ਕਰਨਾਲ ਲਾਠੀਚਾਰਜ ਤੇ ਬੁੱਧਵਾਰ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਵਿਚਾਲੇ ਚੱਲੀ ਲੰਮੀ ਗੱਲਬਾਤ ਬੇਨਤੀਜਾ ਰਹੀ । ਰਾਕੇਸ਼ ਟਿਕੈਤ ਨੇ ਕਿਹਾ ਕਿ ਅਫਸਰਾਂ ਨੇ ਹਰ ਅੱਧੇ ਘੰਟੇ ਬਾਅਦ ਚੰਡੀਗੜ੍ਹ ਫੋਨ ‘ਤੇ ਗੱਲ ਕੀਤੀ । ਕਿਸਾਨਾਂ ਦੀ ਮੰਗ ਸੀ ਕਿ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਐੱਸ ਡੀ ਐੱਮ ਆਯੂਸ਼ ਸਿਨਹਾ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਪਰ ਅਫਸਰ ਪਰਚਾ ਦਰਜ ਕਰਨਾ ਤਾਂ ਦੂਰ ਮੁਅੱਤਲ ਕਰਨ ਲਈ ਵੀ ਰਾਜ਼ੀ ਨਹੀਂ ਸਨ । ਨੌਕਰਸ਼ਾਹੀ ਐੱਸ ਡੀ ਐੱਮ ਨੂੰ ਬਚਾਉਣ ‘ਤੇ ਲੱਗੀ ਹੋਈ ਹੈ । ਉਨ੍ਹਾ ਕਿਹਾ ਕਿ ਇਹ ਕਾਰਪੋਰੇਟਾਂ ਦੀ ਸਰਕਾਰ ਤੋਂ ਕਿਸਾਨਾਂ ਦੀ ਆਜ਼ਾਦੀ ਦੀ ਲੜਾਈ ਹੈ । ਇਕ ਮੋਰਚਾ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਿਹਾ ਹੈ, ਦੂਜਾ ਕਰਨਾਲ ਵਿਚ ਚੱਲੇਗਾ । ਇਥੇ ਯੂ ਪੀ ਤੇ ਪੰਜਾਬ ਤੋਂ ਹੋਰ ਹਮਾਇਤੀ ਪੁੱਜਣਗੇ । ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਦਾ ਘੁਮੰਡ ਹੀ ਮਸਲਾ ਹੱਲ ਕਰਨ ਦੇ ਰਾਹ ਵਿਚ ਰੋੜਾ ਹੈ । ਹਰਿਆਣਾ ਬੀ ਕੇ ਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਹੋਣ ਤੱਕ ਮਿੰਨੀ ਸਕੱਤਰੇਤ ਦਾ ਘੇਰਾਓ ਜਾਰੀ ਰਹੇਗਾ । ਪ੍ਰਸ਼ਾਸਨ ਵੱਲੋਂ ਸੱਦਾ ਮਿਲਣ ‘ਤੇ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ ਤੇ ਸੁਰੇਸ਼ ਕੌਥ ਸਣੇ 11 ਮੈਂਬਰੀ ਵਫਦ ਗੱਲਬਾਤ ਕਰਨ ਲਈ ਦੋ ਵਜੇ ਪੁੱਜਾ ਸੀ । ਕਿਸਾਨਾਂ ਦੇ ਕਹਿਣ ‘ਤੇ ਨਿਰਮਲ ਕੁਟੀਆ ਤੇ ਜਾਟ ਭਵਨ ਹੋ ਕੇ ਮਿੰਨੀ ਸਕੱਤਰੇਤ ਜਾਣ ਵਾਲੇ ਰਾਹ ‘ਤੇ ਲਾਈਆਂ ਰੋਕਾਂ ਹਟਾ ਦਿੱਤੀਆਂ ਗਈਆਂ ਸਨ । ਇਸ ਤੋਂ ਪਹਿਲਾਂ ਹਰਿਆਣਾ ਤੇ ਗੁਆਂਢੀ ਰਾਜਾਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ-ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚਾਹੁੰਦੇ ਹਨ ਕਿ ਦਿੱਲੀ ਬਾਰਡਰ ਵਾਲਾ ਮੋਰਚਾ ਕਰਨਾਲ ਸ਼ਿਫਟ ਹੋ ਜਾਵੇ । ਅਸੀਂ ਦਿੱਲੀ ਨੂੰ ਘੇਰਿਆ ਹੋਇਆ ਹੈ । ਉਥੇ ਬਹੁਤੇ ਕਿਸਾਨ ਹਰਿਆਣਾ ਦੇ ਹਨ । ਸਾਨੂੰ ਮੁੱਖ ਮੰਤਰੀ ਦੀ ਚਾਲ ਸਮਝਣੀ ਚਾਹੀਦੀ ਹੈ ਤੇ ਦਿੱਲੀ ਦੇ ਬਾਰਡਰਾਂ ‘ਤੇ ਲਾਮਬੰਦੀ ਜਾਰੀ ਰੱਖਣੀ ਚਾਹੀਦੀ ਹੈ ।

Real Estate