ਅਮਰੀਕਾ: ਕਾਬੁਲ ਬੰਬ ਧਮਾਕੇ ‘ਚ ਮਾਰੇ ਗਏ ਸੈਨਿਕ ਦੀ ਮਾਂ ਨੇ ਫਿਊਨਰਲ ਲਈ ਦਿੱਤਾ ਟਰੰਪ ਨੂੰ ਸੱਦਾ

60

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਪਿਛਲੇ ਮਹੀਨੇ ਕਾਬੁਲ ਵਿਖੇ ਹੋਏ ਬੰਬ ਧਮਾਕੇ ‘ਚ ਮਾਰੇ ਗਏ ਅਮਰੀਕੀ ਸੈਨਿਕ ਦੀ ਮਾਂ ਨੇ ਆਪਣੇ ਪੁੱਤਰ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ੋਸ਼ਲ ਮੀਡੀਆ ਰਾਹੀਂ ਸੱੱਦਾ ਦਿੱਤਾ । ਇਹ ਸੈਨਿਕ ਕਰੀਮ ਨਿਕੋਈ, ਅਗਸਤ ਵਿੱਚ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲੇ ਦੌਰਾਨ ਮਾਰੇ ਗਏ ਅਮਰੀਕੀ ਸਰਵਿਸ ਮੈਂਬਰਾਂ ਵਿੱਚੋਂ ਇੱਕ ਹੈ। ਇਸ ਮਹਿਲਾ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਬੱਚੇ ਦੇ ਅੰਤਿਮ ਸੰਸਕਾਰ ਲਈ ਸੱਦਾ ਦਿੰਦਿਆਂ  ਫੇਸਬੁੱਕ ‘ਤੇ ਲਿਖਿਆ ਕਿ ਟਰੰਪ ਦਾ ਅੰਤਮ ਸਸਕਾਰ ਵਿੱਚ ਸ਼ਾਮਲ ਹੋਣਾ ਉਹਨਾਂ ਲਈ ਇੱਕ ਸਨਮਾਨ ਹੋਵੇਗਾ।
ਸੈਨਿਕ ਕਰੀਮ ਨਿਕੋਈ ਦੀ ਮਾਂ  ਸ਼ਾਨਾਂ ਚੈਪਲ ਨੇ  2 ਸਤੰਬਰ ਨੂੰ ਉਸਨੇ ਆਪਣੇ ਫੇਸਬੁੱਕ ਪੇਜ ‘ਤੇ ਟਰੰਪ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਕਿ  ਮੈਨੂੰ ਚੰਗਾ ਲੱਗੇਗਾ ਜੇ ਮੇਰੇ ਰਾਸ਼ਟਰਪਤੀ (ਤੁਸੀਂ ਮਿਸਟਰ ਟਰੰਪ) ਮੇਰੇ  ਬੱਚੇ ਲਾਂਸ ਸੀ ਪੀ ਐਲ ਕਰੀਮ ਨਿਕੋਈ ਦੀਆਂ ਅੰਤਮ ਰਸਮਾਂ ਵੇਲੇ ਮੌਜੂਦ ਹੋ ਸਕਦੇ ਹੋਵੋ। ਉਸਨੇ ਅੱਗੇ ਕਿਹਾ ਕਿ ਅਮਰੀਕਾ ਦੇ ਅਸਲ ਰਾਸ਼ਟਰਪਤੀ ਟਰੰਪ ਨੂੰ ਮਿਲਣਾ ਬਹੁਤ ਸਨਮਾਨ ਦੀ ਗੱਲ ਹੋਵੇਗੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਅਮਰੀਕਾ ਤੁਹਾਨੂੰ ਪਿਆਰ ਕਰਦਾ ਹੈ। ਇਸ ਸੱਦੇ ਦਾ ਜਵਾਬ ਦਿੰਦਿਆਂ ਟਰੰਪ ਨੇ ਆਪਣੀ ਸੇਵ ਅਮਰੀਕਾ ਪੀ ਏ ਸੀ ਦੇ ਇੱਕ ਈਮੇਲ ਰਾਹੀਂ  ਸ਼ਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਉਹਨਾਂ ਨੂੰ ਪਿਆਰ ਕਰਦਾ ਹੈ ਅਤੇ ਖਾਸ ਕਰਕੇ  ਕਰੀਮ ਨੂੰ। ਪਰ ਟਰੰਪ ਨੇ ਇਹ ਨਹੀਂ ਦੱਸਿਆ ਕਿ ਕੀ ਉਹ ਨਿਕੋਈ ਦੀ ਅੰਤਮ ਸੰਸਕਾਰ ਸੇਵਾ ਵਿੱਚ ਸ਼ਾਮਲ ਹੋਵੇਗਾ ਜਾਂ ਨਹੀਂ ਜੋ ਕਿ 18 ਸਤੰਬਰ ਨੂੰ ਨਿਰਧਾਰਤ  ਕੀਤੀ ਗਈ ਹੈ। ਕਰੀਮ ਨਿਕੋਈ ਦੇ  ਮਾਪਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਰਾਸ਼ਟਰਪਤੀ ਬਾਈਡੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।  ਜਦਕਿ ਟਰੰਪ ਨੇ ਕਿਹਾ ਕਿ  ਜੇ ਮੈਂ ਰਾਸ਼ਟਰਪਤੀ ਹੁੰਦਾ, ਤਾਂ ਤੁਹਾਡਾ ਪੁੱਤਰ ਕਰੀਮ ਹੁਣ ਤੁਹਾਡੇ ਨਾਲ ਹੁੰਦਾ।
Real Estate