ਵਰਜੀਨੀਆ ‘ਚ ਜਨਰਲ ਰੌਬਰਟ ਈ ਲੀ ਦੇ ਬੁੱਤ ਨੂੰ ਜਾਵੇਗਾ ਹਟਾਇਆ

86

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਵਰਜੀਨੀਆ ਦੇ ਰਿਚਮੰਡ ‘ਚ ਕਨਫੈਡਰੇਟ ਜਨਰਲ ਰੌਬਰਟ ਈ ਲੀ ਦੀ ਇੱਕ ਵਿਸ਼ਾਲ ਮੂਰਤੀ ਨੂੰ ਬੁੱਧਵਾਰ, 8 ਸਤੰਬਰ ਨੂੰ ਉਸਦੇ ਸਥਾਨ ਤੋਂ ਹਟਾ ਦਿੱਤਾ ਜਾਵੇਗਾ। ਇਹ ਮੂਰਤੀ ਜੋ ਕਿ ਸਿਵਲ ਯੁੱਧ ਦੇ ਇੱਕ ਜਰਨੈਲ ਨੂੰ ਸ਼ਰਧਾਂਜਲੀ ਦੇਣ ਵਜੋਂ ਬਣਾਈ ਗਈ ਸੀ, ਨੂੰ ਹੁਣ ਵਿਆਪਕ ਤੌਰ ਤੇ ਨਸਲੀ ਅਨਿਆਂ ਦੇ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ। ਇਸ ਬੁੱਤ ਨੂੰ ਹਟਾਉਣ ਦੀ ਤਰੀਕ ਗਵਰਨਰ ਰਾਲਫ ਨੌਰਥਮ ਦੁਆਰਾ ਤੈਅ ਕੀਤੀ ਗਈ ਹੈ। ਰਿਚਮੰਡ ਵਿੱਚ ਘੋੜੇ ਵਾਲੀ ਲੀ ਦੀ 21 ਫੁੱਟ ਲੰਬੀ ਕਾਂਸੀ ਦੀ ਮੂਰਤੀ ਨੂੰ ਹਟਾਉਣ ਦੀ ਯੋਜਨਾ ਦਾ ਐਲਾਨ ਨੌਰਥਮ ਨੇ ਜੂਨ 2020 ਵਿੱਚ ਕੀਤਾ ਸੀ। ਪਰ ਇਸ ਨੂੰ ਹਟਾਉਣ ਦੇ ਵਿਰੋਧ ਵਿੱਚ ਵਸਨੀਕਾਂ ਦੁਆਰਾ ਦਾਇਰ ਕੀਤੇ ਦੋ ਮੁਕੱਦਮਿਆਂ ਕਰਕੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਹ ਯੋਜਨਾਵਾਂ ਰੁਕੀਆਂ ਹੋਈਆਂ ਸਨ। ਪਰ ਪਿਛਲੇ ਹਫਤੇ ਵਰਜੀਨੀਆ ਦੀ ਸੁਪਰੀਮ ਕੋਰਟ ਦੇ ਫੈਸਲੇ ਨੇ ਮੂਰਤੀ ਨੂੰ ਹਟਾਉਣ ਦਾ ਰਸਤਾ ਸਾਫ ਕਰ ਦਿੱਤਾ ਸੀ। ਇਸ ਮੂਰਤੀ ਨੂੰ ਹਟਾਉਣ ਦੀਆਂ ਤਿਆਰੀਆਂ ਮੰਗਲਵਾਰ ਸ਼ਾਮ ਨੂੰ ਤਕਰੀਬਨ 6 ਵਜੇ ਸ਼ੁਰੂ ਹੋਣਗੀਆਂ। ਇਹ ਮੂਰਤੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ੍ਰੈਂਚ ਮੂਰਤੀਕਾਰ ਮਾਰੀਅਸ-ਜੀਨ-ਐਂਟੋਨੀਨ ਮਰਸੀ ਦੁਆਰਾ ਬਣਾਈ ਗਈ ਸੀ ਅਤੇ ਫਰਾਂਸ ਤੋਂ 1890 ਵਿੱਚ ਅਮਰੀਕਾ ਪਹੁੰਚੀ ਸੀ। ਗੋਰੇ ਵਸਨੀਕਾਂ ਨੇ ਬੁੱਤ ਦਾ ਜਸ਼ਨ ਮਨਾਇਆ, ਪਰ ਬਹੁਤ ਸਾਰੇ ਕਾਲੇ ਵਸਨੀਕਾਂ ਨੇ ਲੰਮੇ ਸਮੇਂ ਤੋਂ ਇਸਨੂੰ ਗੁਲਾਮੀ ਦੀ ਵਡਿਆਈ ਕਰਨ ਵਾਲੇ ਸਮਾਰਕ ਵਜੋਂ ਵੇਖਿਆ ਹੈ।

Real Estate