ਮੁਜ਼ੱਫਰਨਗਰ ਕਿਸਾਨ ਮਹਾਂਪੰਚਾਇਤ : 10 ਲੱਖ ਦੀ ਗਿਣਤੀ ‘ਚ ਕਿਸਾਨ ਪਹੁੰਚਣ ਦਾ ਅੰਦਾਜਾ, 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ

139

ਮੋਦੀ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਯੂਪੀ ਦੇ ਮੁਜ਼ੱਫਰਨਗਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਪੰਚਾਇਤ ਚੱਲ ਰਹੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨ ਇਸ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਪਹੁੰਚੇ ਹਨ। ਕਿਸਾਨ ਆਗੂਆਂ ਨੇ ਇਕ ਵਾਰ ਫਿਰ ਸਾਫ਼ ਕੀਤਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਉਸ ਸਮੇਂ ਤੱਕ ਉਹ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ । ਕਿਸਾਨ ਆਗੂਆਂ ਨੇ ਉਤਰ ਪ੍ਰਦੇਸ਼ ਤੋਂ ਭਾਜਪਾ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਹੌਕਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਮੋਦੀ-ਯੋਗੀ ਦੀ ਜੋੜੀ ਨੇ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਇਸ ਲਈ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕਰਨਾ ਹੋਵੇਗਾ। ਮਹਾਪੰਚਾਇਤ ਪਹੁੰਚੀ ਮੇਧਾ ਪਾਟੇਕਰ ਨੇ ਕਿਹਾ ਕਿ ਸਾਨੂੰ ਵੋਟ ਤੇ ਚੋਟ ਕਰਨੀ ਹੋਵੇਗੀ। ਮੋਦੀ ਨੇ ਨੋਟਬੰਦੀ ਕੀਤੀ ਕਿ ਸਾਨੂੰ ਵੋਟ-ਬੰਦੀ ਕਰਕੇ ਮੋਦੀ-ਯੋਗੀ ਨੂੰ ਹਰਾਉਣਾ ਹੋਵੇਗਾ । ਉਧਰ ਭਾਜਪਾ ਆਗੂ ਵਰੂਣ ਗਾਂਧੀ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਠੋਸ ਉਪਰਾਲੇ ਕਰੇ।
ਮੁਜ਼ੱਫਰਨਗਰ ਨੂੰ ਜੋੜਨ ਵਾਲੇ ਵੱਖ-ਵੱਖ ਰਸਤਿਆਂ ‘ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲਗਾ ਚੁੱਕਾ ਹੈ। ਅਜਿਹੇ ਵਿੱਚ ਕਿਸਾਨਾਂ ਵੱਲੋਂ ਪੈਦਲ ਹੀ ਰੈਲੀ ਵਾਲੀ ਥਾਂ ‘ਤੇ ਪਹੁੰਚਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 6 ਲੱਖ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ, ਪਰ ਜਿਸ ਜੋਸ਼ ਨਾਲ ਕਿਸਾਨ ਪਹੁੰਚ ਰਹੇ ਨੇ ਉਸ ਹਿਸਾਬ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਥੇ 10 ਲੱਖ ਤੋਂ ਵੱਧ ਕਿਸਾਨ ਮਹਾਂਪੰਚਾਇਤ ਵਿੱਚ ਸ਼ਾਮਲ ਸਨ।
ਮਹਾਪੰਚਾਇਤ ਦੀ ਸਟੇਜ ਤੋਂ ਕਿਸਾਨ ਆਗੂਆਂ ਨੇ 27 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬੰਦ 25 ਸਤੰਬਰ ਨੂੰ ਐਲਾਨਿਆ ਗਿਆ ਸੀ ਪਰ ਹੁਣ ਇਸ ਵਿੱਚ ਤਬਦੀਲੀ ਕੀਤੀ ਗਈ ਹੈ।
ਇਸ ਦੌਰਾਨ ਕਰੀਬ 2 ਘੰਟੇ ਤੱਕ ਇੰਟਰਨੈਟ ਸੇਵਾ ਬੰਦ ਰਹੀ। ਦੱਸਿਆ ਜਾ ਰਿਹਾ ਹੈ ਕਿ ਮੈਦਾਨ ਨੂੰ ਚਾਰੇ ਪਾਸੇ ਤੋਂ ਰੈਪਿਡ ਐਕਸ਼ਨ ਫੋਰਸ ਅਤੇ ਸੀਆਰਪੀਐਫ ਦੀ ਪੀਏਸੀ ਦੀ ਤਾਇਨਾਤੀ ਹੈ । 3800 ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਦੂਜੇ ਪਾਸੇ, ਪੰਜਾਬ ਤੋਂ ਨਵੀਂ ਦਿੱਲੀ ਰਾਹੀਂ ਮੁਜ਼ੱਫਰਨਗਰ ਆਉਣ ਵਾਲੀ ਸੈਂਕੜੇ ਕਿਸਾਨਾਂ ਨਾਲ ਭਰੀ ਰੇਲਗੱਡੀ ਨੂੰ ਦਿੱਲੀ ਵਿੱਚ ਕਰੀਬ ਡੇਢ ਘੰਟੇ ਲਈ ਰੋਕਿਆ ਗਿਆ। ਕਿਸਾਨਾਂ ਦੇ ਹੰਗਾਮੇ ‘ਤੋਂ ਬਾਅਦ ਰੇਲ ਗੱਡੀ ਨੂੰ ਅੱਗੇ ਤੋਰਿਆ ਗਿਆ।

Real Estate