ਇੰਗਲੈਂਡ ਦੀ ਮਹਾਰਾਣੀ ਦੇ ਅੰਤਿਮ ਸੰਸਕਾਰ ਦਾ ਗੁਪਤ ਪਲਾਨ ਹੋਇਆ ਲੀਕ !

84

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ ਪਰ ਸ਼ਾਹੀ ਪਰੰਪਰਾ ਦੇ ਅਨੁਸਾਰ ਉਹਨਾਂ ਦੀ ਮੌਤ ਤੋਂ ਬਾਅਦ ਅੰਤਮ ਸੰਸਕਾਰ ਦੀਆਂ ਤਿਆਰੀਆਂ ਦੀ ਗੁਪਤ ਯੋਜਨਾ ਲੀਕ ਹੋਣ ਨਾਲ ਲੰਡਨ ਵਿਚ ਹਲਚਲ ਮਚ ਗਈ ਹੈ। ਦਰਅਸਲ, ਸ਼ੁੱਕਰਵਾਰ ਨੂੰ ਅਮਰੀਕੀ ਨਿਊਜ਼ ਵੈਬਸਾਈਟ ਪਾਲਿਟਿਕੋ ‘ਤੇ ਕੁਝ ਦਸਤਾਵੇਜ਼ ਸਾਹਮਣੇ ਆਏ, ਜਿਸ ਵਿਚ ਮਹਾਰਾਣੀ ਦੀ ਮੌਤ ਦੇ ਕੁਝ ਘੰਟਿਆਂ ਅਤੇ ਦਿਨਾਂ ਬਾਅਦ ਵੱਡੇ ਪੱਧਰ ਦੇ ਸਮਾਗਮਾਂ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਯੋਜਨਾ ਦੇ ਅਨੁਸਾਰ ਮਹਾਰਾਣੀ ਦੀ ਮੌਤ ਤੋਂ ਬਾਅਦ 10 ਮਿੰਟਾਂ ਦੇ ਅੰਦਰ ਵ੍ਹਾਈਟਹਾਲ ਦੇ ਝੰਡੇ ਅੱਧੇ ਝੁਕਾ ਦਿੱਤੇ ਜਾਣਗੇ। ਪ੍ਰਿੰਸ ਚਾਰਲਸ ਟੀਵੀ ‘ਤੇ ਜਨਤਾ ਨੂੰ ਸੰਬੋਧਨ ਕਰਨਗੇ ਅਤੇ ਫਿਰ ਬ੍ਰਿਟੇਨ ਦੇ ਦੌਰੇ ਲਈ ਰਵਾਨਾ ਹੋਣਗੇ। ਅੰਤਿਮ ਸੰਸਕਾਰ ਦਾ ਪ੍ਰੋਗਰਾਮ 10 ਦਿਨਾਂ ਤੱਕ ਚੱਲੇਗਾ। ਮਹਾਰਾਣੀ ਨੂੰ ਪ੍ਰਿੰਸ ਫਿਲਿਪ ਦੇ ਕੋਲ ਦਫਨਾਇਆ ਜਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ‘ਆਪਰੇਸ਼ਨ ਲੰਡਨ ਬ੍ਰਿਜ’ ਯੋਜਨਾ ਵਿਚ ਕੀਤਾ ਗਿਆ ਹੈ। ਮੌਤ ਦੇ ਦਿਨ ਨੂੰ ‘ਡੀ ਡੇਅ’ ਕਿਹਾ ਜਾਵੇਗਾ। ਮਹਾਰਾਣੀ ਦੀ ਮੌਤ ਦੀ ਸੂਚਨਾ ਉਹਨਾਂ ਦੇ ਨਿੱਜੀ ਸਕੱਤਰ ਪ੍ਰਧਾਨ ਮੰਤਰੀ ਨੂੰ ਦੇਣਗੇ। ਯੋਜਨਾ ਦਾ ਖੁਲਾਸਾ ਹੋਣ ਨਾਲ ਸ਼ਾਹੀ ਪਰਿਵਾਰ ਵਿਚ ਹਲਚਲ ਮਚ ਗਈ ਹੈ। ਸ਼ਾਹੀ ਪਰਿਵਾਰ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੇ ਵਿਅਕਤੀ ਹੋਣਗੇ ਜਿਨ੍ਹਾਂ ਨਾਲ ਇਹ ਗੱਲ ਸਾਂਝੀ ਕੀਤੀ ਜਾਵੇਗੀ। ਮਹਾਰਾਣੀ ਦੀ ਮੌਤ ਤੋਂ ਬਾਅਦ ਮਹਾਰਾਣੀ ਨੂੰ ਬੰਦੂਕ ਦੀ ਸਲਾਮੀ ਦਿੱਤੀ ਜਾਵੇਗੀ। ਸ਼ਾਹੀ ਪਰਿਵਾਰ ਮੀਡੀਆ ਰਾਹੀਂ ਅਧਿਕਾਰਤ ਜਾਣਕਾਰੀ ਦੇਵੇਗਾ ਕਿ ਮਹਾਰਾਣੀ ਦਾ ਅੰਤਿਮ ਸੰਸਕਾਰ ਵੈਸਟਮਿੰਸਟਰ ਐਬੇ ਵਿਖੇ ਹੋਵੇਗਾ। ਅੰਤਿਮ ਸਸਕਾਰ ਤੋਂ ਪਹਿਲਾਂ ਲਾਸ਼ ਸੰਸਦ ਵਿਚ ਤਿੰਨ ਦਿਨ ਰਹੇਗੀ, ਤਾਂ ਜੋ ਆਮ ਲੋਕ ਸ਼ਰਧਾਂਜਲੀ ਦੇ ਸਕਣ। ਦਸਤਾਵੇਜ਼ਾਂ ਵਿਚ ਮਹਾਰਾਣੀ ਦੀ ਮੌਤ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੀਆਂ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮੌਕੇ, ਇਤਿਹਾਸ ਵਿਚ ਪਹਿਲੀ ਵਾਰ ਲੰਡਨ ਪੂਰਾ ਤਰ੍ਹਾਂ ਭੀੜ ਨਾਲ ਭਰਿਆ ਹੋਵੇਗਾ। ਰੇਲ ਗੱਡੀਆਂ ਅਤੇ ਬੱਸਾਂ ਭਰੀਆਂ ਹੋਣਗੀਆਂ, ਹੋਟਲਾਂ ਵਿਚ ਭੀੜ ਹੋਵੇਗੀ। ਇਸ ਦੇ ਨਾਲ ਹੀ, ਇੰਟਰਨੈਟ ਯੁੱਗ ਨੂੰ ਧਿਆਨ ਵਿਚ ਰੱਖਦੇ ਹੋਏ, ਸੋਸ਼ਲ ਮੀਡੀਆ ਯੋਜਨਾ ਨੂੰ ਵੀ ਅਪਡੇਟ ਕੀਤਾ ਗਿਆ ਹੈ। ਸ਼ਾਹੀ ਪਰਿਵਾਰ ਦੀ ਵੈਬਸਾਈਟ ਦੇ ਪੇਜ ਨੂੰ ਬਲੈਕ ਕਰ ਦਿੱਤਾ ਜਾਵੇਗਾ। ਸਰਕਾਰ ਦੇ ਮੰਤਰੀਆਂ ਅਤੇ ਵਿਭਾਗਾਂ ਨੂੰ ਪਹਿਲਾਂ ਸੋਸ਼ਲ ਮੀਡੀਆ ਸੰਦੇਸ਼ਾਂ ਲਈ ਰਾਜਨੀਤਿਕ ਮਾਹਰਾਂ ਤੋਂ ਆਗਿਆ ਲੈਣੀ ਪਵੇਗੀ ਤਾਂ ਜੋ ਸੰਵੇਦਨਸ਼ੀਲ ਸਮੇਂ ਵਿਚ ਕੋਈ ਗੜਬੜ ਨਾ ਹੋਵੇ। ਜਦੋਂ ਤੱਕ ਪ੍ਰਧਾਨ ਮੰਤਰੀ ਸੰਦੇਸ਼ ਨਹੀਂ ਦਿੰਦੇ, ਕੋਈ ਵੀ ਸੰਸਦ ਮੈਂਬਰ ਜਨਤਕ ਬਿਆਨ ਨਹੀਂ ਦੇ ਸਕੇਗਾ। ਯੋਜਨਾ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਮੌਤ ਦੇ ਦਿਨ ਤੋਂ ਅਗਲੇ 10 ਦਿਨਾਂ ਤੱਕ ਕੀ ਹੋਵੇਗਾ। 10 ਵਾਂ ਦਿਨ ‘ਰਾਸ਼ਟਰੀ ਸੋਗ ਦਿਵਸ’ ਹੋਵੇਗਾ। ਜੇ ਉਸ ਦਿਨ ਛੁੱਟੀ ਨਹੀਂ ਹੁੰਦੀ, ਤਾਂ ਮਾਲਕ ਤੈਅ ਕਰਨਗੇ ਕਿ ਕਰਮਚਾਰੀਆਂ ਨੂੰ ਬੁਲਾਉਣਾ ਹੈ ਜਾਂ ਨਹੀਂ। ਸਰਕਾਰ ਲਈ ਹੋਰ ਵੀ ਸ਼ਰਮ ਵਾਲੀ ਗੱਲ ਇਹ ਹੈ ਕਿ ਇਸ ਵਿਚ ਮਹਾਰਾਣੀ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਉਸ ਦੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਲਈ ਇੱਕ ਗੁਪਤ ਯੋਜਨਾ ਆਪਰੇਸ਼ਨ ਸਪਰਿੰਗ ਟਾਈਡ ਵੀ ਲੀਕ ਹੋ ਗਈ। ਬਕਿੰਘਮ ਪੈਲੇਸ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਇਸ ਤੇ ਹੁਣ ਸਰਕਾਰ ਜਾਂਚ ਬਿਠਾ ਸਕਦੀ ਹੈ।

Real Estate