ਅਮਰੀਕਾ ‘ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ

91

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਕੁਦਰਤੀ ਆਫਤਾਂ ਅਮਰੀਕਾ ਵਿੱਚ ਤਬਾਹੀ ਮਚਾ ਰਹੀਆਂ ਹਨ। ਪਹਿਲਾਂ ਹੀ ਕੋਰੋਨਾ ਕਾਰਨ ਲੱਖਾਂ ਅਮਰੀਕੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਹੁਣ ਜੰਗਲੀ ਅੱਗਾਂ, ਤੂਫਾਨ ਅਤੇ ਹੜ੍ਹਾਂ ਆਦਿ ਕਾਰਨ ਨਿਵਾਸੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਤੂਫਾਨ ਇਡਾ ਕਾਰਨ ਅਮਰੀਕਾ ਦੇ ਕੁੱਝ ਭਾਗਾਂ ਵਿੱਚ ਭਾਰੀ ਤਬਾਹੀ ਮੱਚੀ ਹੈ। ਤੂਫਾਨ ਇਡਾ ਦੇ ਹੀ ਕਾਰਨ ਅਮਰੀਕੀ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਦਰਜਨਾਂ ਮੌਤਾਂ ਹੋਈਆਂ ਹਨ। ਅਮਰੀਕਾ ਦੇ ਉੱਤਰ -ਪੂਰਬ ਵਿੱਚ ਹੁਣ ਤੱਕ ਤੂਫਾਨ ਕਾਰਨ ਘੱਟੋ ਘੱਟ 46 ਮੌਤਾਂ ਹੋਈਆਂ ਹਨ। ਕੁੱਲ ਮਿਲਾ ਕੇ, ਇਡਾ ਨਾਲ ਸਬੰਧਤ ਅੱਠ ਰਾਜਾਂ ਵਿੱਚ ਘੱਟੋ ਘੱਟ 59 ਮੌਤਾਂ ਹੋਈਆਂ ਹਨ ਅਤੇ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਤੂਫਾਨਾਂ ਕਾਰਨ ਨਿਊਯਾਰਕ ਅਤੇ ਨਿਊਜਰਸੀ ਦੀਆਂ ਐਮਰਜੈਂਸੀ ਘੋਸ਼ਣਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਨਿਊਯਾਰਕ ਵਿੱਚ ਬੁੱਧਵਾਰ ਨੂੰ ਹੜ੍ਹਾਂ ਕਾਰਨ ਭਾਰੀ ਤਬਾਹੀ ਦੇ ਨਾਲ ਕਈ ਮੌਤਾਂ ਹੋਈਆਂ ਹਨ। ਨਿਊਯਾਰਕ ਦੇ ਜਿਆਦਾਤਰ ਸਬਵੇਅ ਵਿੱਚ ਫਸੇ ਲੋਕਾਂ ਨੂੰ ਬਚਾਇਆ ਗਿਆ ਹੈ। ਨਿਊਯਾਰਕ ਪੁਲਿਸ ਵਿਭਾਗ ਦੇ ਕਮਿਸ਼ਨਰ ਡੇਰਮੋਟ ਸ਼ੀਆ ਅਨੁਸਾਰ ਹੜ੍ਹਾਂ ਕਾਰਨ ਬੇਸਮੈਂਟਾਂ ਵਿੱਚ ਘੱਟੋ ਘੱਟ ਅੱਠ ਮੌਤਾਂ ਹੋਈਆਂ ਹਨ ਅਤੇ ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਅਨੁਸਾਰ ਵੀਰਵਾਰ ਨੂੰ ਬਿਗ ਐਪਲ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ 9 ਸੀ ਅਤੇ ਸ਼ਾਮ ਤੱਕ ਇਹ ਗਿਣਤੀ ਵਧ ਕੇ 13 ਹੋ ਗਈ ਸੀ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਹਨ । ਨਿਊਯਾਰਕ ਪੁਲਿਸ ਡਿਪਾਰਟਮੈਂਟ ਅਨੁਸਾਰ ਹੜ੍ਹ ਦੌਰਾਨ 835 ਸਬਵੇਅ ਯਾਤਰੀਆਂ ਨੂੰ ਬਚਾਇਆ ਗਿਆ। ਇਸਦੇ ਇਲਾਵਾ ਨਿਊਜਰਸੀ ਵਿੱਚ ਵੀ ਹੜ੍ਹਾਂ ਕਾਰਨ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਸੂਬੇ ਵਿੱਚ ਤੂਫਾਨ ਕਾਰਨ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਵਿੱਚ ਆਏ ਇਹਨਾਂ ਹੜ੍ਹਾਂ ਕਾਰਨ ਮੌਤਾਂ ਦੇ ਨਾਲ ਨਾਲ ਜਨਤਕ ਜਿੰਦਗੀ ਵੀ ਪ੍ਰਭਾਵਿਤ ਹੋਈ ਹੈ। ਹੜ੍ਹਾਂ ਕਾਰਨ ਆਵਾਜਾਈ ਦੇ ਠੱਪ ਹੋਣ ਦੇ ਨਾਲ ਜਿਆਦਾਤਰ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਫਸੇ ਹੋਏ ਲੋਕਾਂ ਦੀ ਸਹਾਇਤਾ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।

Real Estate