ਪੰਜਾਬ ਸਰਕਾਰ ਖੁਲਵਾਏਗੀ ਟੋਲ ਪਲਾਜ਼ੇ ? ਕੇਂਦਰ ਨੇ ਕੀਤੇ ਹੁਕਮ

126

ਪੰਜਾਬ ’ਚ ਕਿਸਾਨ ਅੰਦੋਲਨ ਪਹਿਲੀ ਸਤੰਬਰ 2020 ਤੋਂ ਚੱਲ ਰਿਹਾ ਹੈ ਜਦੋਂ ਕਿ ਕਿਸਾਨਾਂ ਨੇ ਪਹਿਲੀ ਅਕਤੂਬਰ 2020 ਤੋਂ ਸੂਬੇ ’ਚ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਹੋਏ ਹਨ। ਸੂਬੇ ਦੇ ਤਕਰੀਬਨ ਸਾਰੇ ਕੌਮੀ ਮਾਰਗਾਂ ’ਤੇ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ੇ ਬੰਦ ਕਰਕੇ ਧਰਨੇ ਮਾਰੇ ਹੋਏ ਹਨ ਜਿਥੇ ਰੋਜ਼ਾਨਾ ਰੈਲੀਆਂ ਹੋ ਰਹੀਆਂ ਹਨ। ਕੇਂਦਰ ਸਰਕਾਰ ਨੇ ਹੁਣ ਪੰਜਾਬ ਦੀ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੂਬੇ ਦੇ ਟੋਲ ਪਲਾਜ਼ੇ ਖੁਲ੍ਹਵਾਏ ਜਾਣ ਤਾਂ ਜੋ ਜਨਤਕ ਖ਼ਜ਼ਾਨੇ ਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ। ਕੇਂਦਰ ਸਰਕਾਰ ਨੂੰ ਵੱਡਾ ਡਰ ਇਹ ਵੀ ਹੈ ਕਿ ਟੌਲ ਪਲਾਜ਼ੇ ਚਲਾਉਣ ਵਾਲੀਆਂ ਕੰਪਨੀਆਂ ਵਾਧੂ ਕਲੇਮ ਵੀ ਪਾ ਸਕਦੀਆਂ ਹਨ ਜੋ 830 ਕਰੋੜ ਤੋਂ ਵੱਖਰੇ ਹੋਣਗੇ। ਪਹਿਲਾਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਸਾਲ 19 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਸੀ ਅਤੇ ਉਸ ਤੋਂ ਪਹਿਲਾਂ ਮੁੱਖ ਸਕੱਤਰ ਨੂੰ ਵੀ 16 ਅਕਤੂਬਰ ਨੂੰ ਪੱਤਰ ਭੇਜਿਆ ਗਿਆ ਸੀ। ਕੇਂਦਰੀ ਸੜਕ ਆਵਾਜਾਈ ਮੰਤਰਾਲੇ ਦੇ ਸਕੱਤਰ ਨੇ ਹੁਣ ਮੁੱਖ ਸਕੱਤਰ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਵਿਚਲੇ ਟੋਲ ਪਲਾਜ਼ੇ ਖੁਲ੍ਹਵਾਏ ਜਾਣ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਅਜੇ ਕੋਈ ਹੁੰਗਾਰਾ ਨਹੀਂ ਭਰਿਆ ਹੈ। ਪੰਜਾਬ ਵਿਚ ਕੌਮੀ ਸੜਕਾਂ ’ਤੇ ਪੈਂਦੇ 17 ਟੌਲ ਪਲਾਜ਼ੇ ਬੰਦ ਹਨ ਜਦੋਂ ਕਿ ਇਨ੍ਹਾਂ ਤੋਂ ਬਿਨਾਂ ਪੰਜਾਬ ਸਰਕਾਰ ਦੇ 15 ਟੋਲ ਪਲਾਜ਼ੇ ਵੱਖਰੇ ਹਨ।
ਹਰਿਆਣਾ ਵਿਚ 12 ਟੋਲ ਪਲਾਜ਼ੇ 12 ਦਸੰਬਰ ਤੋਂ ਟੋਲ ਟੈਕਸ ਤੋਂ ਮੁਕਤ ਹਨ ਜਿਸ ਕਰਕੇ ਹਰਿਆਣਾ ਵਿਚ ਔਸਤਨ ਪ੍ਰਤੀ ਦਿਨ 3.39 ਕਰੋੜ ਦੇ ਟੌਲ ਆਮਦਨ ਨੂੰ ਸੱਟ ਵੱਜ ਰਹੀ ਹੈ। ਰਾਜਸਥਾਨ ਵਿਚ ਸਿਰਫ਼ ਸੱਤ ਟੋਲ ਪਲਾਜ਼ੇ ਮੁਕਤ ਕੀਤੇ ਹੋਏ ਹਨ। ਉਂਜ, ਮੁਲਕ ਭਰ ਵਿਚ ਕੁੱਲ 644 ਟੋਲ ਪਲਾਜ਼ੇ ਹਨ ਅਤੇ ਸਭ ਤੋਂ ਵੱਧ ਰਾਜਸਥਾਨ ਵਿਚ 91 ਟੌਲ ਪਲਾਜ਼ੇ ਹਨ।

Real Estate