ਕੌਣ ਹੋਵੇਗਾ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਸੁਪਰੀਮ ਆਗੂ ?

110

ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਇਰਾਨੀ ਲੀਡਰਸ਼ਿਪ ਦੀ ਤਰਜ਼ ’ਤੇ ਕਾਬੁਲ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਐਲਾਨ ਕਰਨ ਦੀ ਤਿਆਰੀ ਖਿੱਚ ਲਈ ਹੈ। ਤਾਲਿਬਾਨ ਦੇ ਇਕ ਸੀਨੀਅਰ ਮੈਂਬਰ ਨੇ ਕਿਹਾ ਕਿ ਜਥੇਬੰਦੀ ਦੇ ਸਿਖਰਲੇ ਧਾਰਮਿਕ ਆਗੂ ਮੁੱਲ੍ਹਾ ਹੈਬਤਉੱਲ੍ਹਾ ਅਖੁੰਦਜ਼ਾਦਾ ਨਵੀਂ ਸਰਕਾਰ ’ਚ ਸੁਪਰੀਮ ਆਗੂ ਹੋਣਗੇ। ਤਾਲਿਬਾਨ ਦੇ ਸੂਚਨਾ ਤੇ ਸਭਿਆਚਾਰ ਕਮਿਸ਼ਨ ਵਿੱਚ ਸੀਨੀਅਰ ਅਧਿਕਾਰੀ ਮੁਫ਼ਤੀ ਇਨਾਮੁੱਲ੍ਹਾ ਸਮਨਗ਼ਨੀ ਨੇ ਕਿਹਾ, ‘‘ਨਵੀਂ ਸਰਕਾਰ ਦੇ ਗਠਨ ਲਈ ਸਲਾਹ ਮਸ਼ਵਰੇ ਦਾ ਅਮਲ ਲਗਪਗ ਪੂਰਾ ਹੋ ਗਿਆ ਹੈ। ਕੈਬਨਿਟ ਨੂੰ ਲੈ ਕੇ ਲੋੜੀਂਦੀ ਵਿਚਾਰ ਚਰਚਾ ਵੀ ਮੁਕੰਮਲ ਹੋ ਗਈ ਹੈ।’’ ਅਧਿਕਾਰੀ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਗਲੇ ਤਿੰਨ ਦਿਨਾਂ ਵਿਚ ਨਵੀਂ ਸਰਕਾਰ ਦੇ ਗਠਨ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ। ਇਸ ਨਵੇਂ ਪ੍ਰਬੰਧ ਵਿੱਚ 60 ਸਾਲਾ ਆਗੂ ਮੁੱਲ੍ਹਾ ਅਖ਼ੁੰਦਜ਼ਾਦਾ ਤਾਲਿਬਾਨ ਸਰਕਾਰ ’ਚ ਸੁਪਰੀਮ ਆਗੂ ਹੋਣਗੇ ਤੇ ਨਵੀਂ ਸਰਕਾਰ ਇਰਾਨ ਲੀਡਰਸ਼ਿਪ ਦੇ ਨਮੂਨੇ ’ਤੇ ਅਧਾਰਿਤ ਹੋਵੇਗੀ। ਚੇਤੇ ਰਹੇ ਕਿ ਇਰਾਨ ਵਿੱਚ ਸੁਪਰੀਮ ਆਗੂ ਹੀ ਸਿਆਸੀ ਤੇ ਧਾਰਮਿਕ ਅਥਾਰਿਟੀ ਹੈ, ਜਿਸ ਦਾ ਰੁਤਬਾ ਰਾਸ਼ਟਰਪਤੀ ਤੋਂ ਉੱਪਰ ਹੁੰਦਾ ਹੈ ਤੇ ਫੌਜ ਮੁਖੀ ਦੀ ਨਿਯੁਕਤੀ ਵੀ ਉਸੇ ਵੱਲੋਂ ਕੀਤੀ ਜਾਂਦੀ ਹੈ। ਦੇਸ਼ ਦੇ ਸਿਆਸੀ, ਧਾਰਮਿਕ ਤੇ ਫੌਜੀ ਮਸਲਿਆਂ ਵਿੱਚ ਆਖਰੀ ਫੈਸਲਾ ਸੁਪਰੀਮ ਆਗੂ ਦਾ ਹੀ ਹੋਵੇਗਾ। ਦੱਸਣਾ ਬਣਦਾ ਹੈ ਕਿ ਮੁੱਲ੍ਹਾ ਅਖੁੰਦਜ਼ਾਦਾ ਤਾਲਿਬਾਨ ਦਾ ਸਿਖਰਲਾ ਧਾਰਮਿਕ ਆਗੂ ਹੈ ਤੇ ਉਹ ਪਿਛਲੇ 15 ਸਾਲਾਂ ਤੋਂ ਬਲੋਚਿਸਤਾਨ ਸੂਬੇ ਦੇ ਕਚਲਾਕ ਖੇਤਰ ਦੀ ਮਸਜਿਦ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਸਮਨਗ਼ਨੀ ਨੇ ਕਿਹਾ ਕਿ ਨਵੇਂ ਸਰਕਾਰੀ ਪ੍ਰਬੰਧ ਤਹਿਤ ਰਾਜਪਾਲ ਸੂਬਿਆਂ ਨੂੰ ਕੰਟਰੋਲ ਕਰਨਗੇ ਜਦੋਂਕਿ ਜ਼ਿਲ੍ਹਾ ਰਾਜਪਾਲ ਆਪੋ-ਆਪਣੇ ਜ਼ਿਲ੍ਹਿਆਂ ਦੇ ਇੰਚਾਰਜ ਹੋਣਗੇ। ਤਾਲਿਬਾਨ ਸੂਬਿਆਂ ਤੇ ਜ਼ਿਲ੍ਹਿਆਂ ਲਈ ਰਾਜਪਾਲਾਂ, ਪੁਲੀਸ ਮੁਖੀਆਂ ਤੇ ਪੁਲੀਸ ਕਮਾਂਡਰਾਂ ਦੀਆਂ ਨਿਯੁਕਤੀਆਂ ਪਹਿਲਾਂ ਹੀ ਕਰ ਚੁੱਕਾ ਹੈ। ਨਵੇਂ ਸਰਕਾਰੀ ਪ੍ਰਬੰਧ ਦਾ ਨਾਮ, ਕੌਮੀ ਝੰਡੇ ਤੇ ਕੌਮੀ ਤਰਾਨੇ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ। ਇਸ ਦੌਰਾਨ ਦੋਹਾ ਵਿੱਚ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਉਪ ਆਗੂ ਸ਼ੇਰ ਮੁਹੰਮਦ ਅੱਬਾਸ ਸਤਾਨਿਕਜ਼ਈ ਨੇ ਵਿਦੇਸ਼ੀ ਮੀਡੀਆ ਚੈਨਲਾਂ ਨੂੰ ਦੱਸਿਆ ਕਿ ਅਫ਼ਗ਼ਾਨਿਸਤਾਨ ਦੇ ਸਾਰੇ ਕਬੀਲਿਆਂ ਦੀਆਂ ਔਰਤਾਂ ਤੇ ਮੈਂਬਰਾਂ ਨੂੰ ਨਵੀਂ ਸਰਕਾਰ ’ਚ ਸ਼ਾਮਲ ਕੀਤਾ ਜਾਵੇਗਾ।

Real Estate