ਨਿਊਜਰਸੀ ਦੇ ਬੀਚ ‘ਤੇ ਡਿੱਗੀ ਆਸਮਾਨੀ ਬਿਜਲੀ , ਲਾਈਫ ਗਾਰਡ ਦੀ ਹੋਈ ਮੌਤ

94

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਜਰਸੀ ਵਿੱਚ ਇੱਕ ਸਮੁੰਦਰੀ ਕੰਢੇ ‘ਤੇ ਸੋਮਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਕੁਦਰਤੀ ਆਫਤ ਦੇ ਕਾਰਨ ਬੀਚ ‘ਤੇ ਇੱਕ ਲਾਈਫ ਗਾਰਡ ਦੀ ਮੌਤ ਹੋਣ ਦੇ ਨਾਲ ਸੱਤ ਹੋਰ ਲੋਕ ਜ਼ਖਮੀ ਹੋ ਗਏ।ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਰਕਲੇ ਟਾਊਨਸ਼ਿਪ ਪੁਲਿਸ ਵਿਭਾਗ ਨੇ ਦੱਸਿਆ ਕਿ ਇਹ ਜਾਨਲੇਵਾ ਘਟਨਾ ਸਾਊਥ ਸੀਸਾਈਡ ਪਾਰਕ ਦੇ ਬੀਚ ‘ਤੇ ਸ਼ਾਮ 4:30 ਵਜੇ ਦੇ ਕਰੀਬ ਵਾਪਰੀ। ਬੀਚ ‘ਤੇ ਸਥਿਤ ਇੱਕ ਪੁਰਸ਼ ਲਾਈਫ ਗਾਰਡ ਬਿਜਲੀ ਦੀ ਲਪੇਟ ਵਿੱਚ ਆਇਆ ਅਤੇ ਉਸ ਨੂੰ ਮੌਕੇ’ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸਦੇ ਇਲਾਵਾ ਇਸ ਹਾਦਸੇ ‘ਚ 4 ਸੈਲਾਨੀਆਂ ਦੇ ਨਾਲ 3 ਹੋਰ ਲਾਈਫਗਾਰਡ ਵੀ ਜਖਮੀ ਹੋਏ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਵਿੱਚ ਇੱਕ 50 ਸਾਲਾਂ ਔਰਤ, 51 ਅਤੇ 19 ਸਾਲਾਂ ਆਦਮੀ ਸ਼ਾਮਲ ਹਨ। ਸੱਤ ਜਖਮੀ ਵਿਅਕਤੀਆਂ ਨੂੰ ਬਿਜਲੀ ਡਿੱਗਣ ਦੇ ਬਾਅਦ ਸਿਰ ਦਰਦ, ਚੱਕਰ ਆਉਣੇ ਅਤੇ ਸੁਣਨ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਕਮਿਊਨਿਟੀ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ। ਬਰਕਲੇ ਪੁਲਿਸ ਵਿਭਾਗ ਅਨੁਸਾਰ ਟਾਊਨਸ਼ਿਪ ਦੇ ਸਮੁੰਦਰੀ ਬੀਚ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਤੈਰਾਕੀ ਲਈ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਲਾਈਫ ਗਾਰਡ ਅਤੇ ਬੀਚ ਸਟਾਫ ਨੂੰ ਕੁੱਝ ਸਮਾਂ ਛੁੱਟੀ ਦਿੱਤੀ ਜਾ ਸਕੇ।
ਇਸ ਹਾਦਸੇ ਦੇ ਸਬੰਧ ਵਿੱਚ ਇਕ ਮੌਸਮ ਵਿਗਿਆਨੀ ਡੈਨ ਜ਼ਾਰੋ ਨੇ ਜਾਣਕਾਰੀ ਦਿੱਤੀ ਕਿ ਲਾਈਫ ਗਾਰਡ ਬਿਜਲੀ ਡਿੱਗਣ ਸਮੇਂ ਆਪਣੀ ਕੁਰਸੀ ਦੇ ਸਭ ਤੋਂ ਉੱਚੇ ਸਥਾਨ ‘ਤੇ ਬੈਠਾ ਸੀ ਜਿਸ ਕਾਰਨ ਉਹ ਮਾਰਿਆ ਗਿਆ।

Real Estate