ਅਮਰੀਕੀ ਫੌਜਾਂ ਨੇ ਆਪਣੀ ਵਾਪਸੀ ਨਾਲ ਕੀਤਾ ਅਫਗਾਨਿਸਤਾਨ ਨਿਕਾਸੀ ਮਿਸ਼ਨ ਖਤਮ

87

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਪ੍ਰਸ਼ਾਸਨ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਅਫਗਾਨੀ ਮਿਸ਼ਨ ਲਈ ਮਿੱਥੀ ਗਈ 31 ਅਗਸਤ ਦੀ ਤਰੀਕ ਤੋਂ ਪਹਿਲਾਂ ਵਾਪਸੀ ਲਈ ਰਵਾਨਗੀ ਕਰਕੇ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਨੂੰ ਪੂਰੀ ਤਰ੍ਹਾਂ ਕੱਢ ਲਿਆ ਹੈ। ਇਸ ਨਾਲ 20 ਸਾਲ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਪੂਰੀ ਹੋ ਗਈ ਹੈ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਅਫਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫੌਜੀ ਦੀ ਫੋਟੋ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਰਿਪੋਰਟ ਮੁਤਾਬਕ 30 ਅਗਸਤ ਦੀ ਦੇਰ ਰਾਤ ਆਖਰੀ ਅਮਰੀਕੀ ਜਹਾਜ਼ ਨੇ ਉਡਾਣ ਭਰੀ। ਪੇਂਟਾਗਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਛੱਡਣ ਵਾਲਾ ਆਖਰੀ ਅਮਰੀਕੀ ਫੌਜੀ-ਮੇਜਰ ਜਨਰਲ ਕ੍ਰਿਸ ਡੋਨਹੁਯੂ ਹੈ, ਜੋ 30 ਅਗਸਤ ਦੀ ਰਾਤ C-17 ਜਹਾਜ਼ ‘ਚ ਸਵਾਰ ਹੋਇਆ।
ਇਸਦੇ ਇਲਾਵਾ ਯੂ ਐਸ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਫਰੈਂਕ ਮੈਕੈਂਜ਼ੀ ਜਿਹਨਾਂ ਨੇ ਵਾਪਸੀ ਦੀ ਘੋਸ਼ਣਾ ਕੀਤੀ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਮੁੱਖ ਅਮਰੀਕੀ ਡਿਪਲੋਮੈਟ, ਰੌਸ ਵਿਲਸਨ ਵੀ ਸੀ -17 ਦੀ ਆਖਰੀ ਉਡਾਣ ਵਿੱਚ ਸਨ। ਉਨ੍ਹਾਂ ਕਿਹਾ ਕਿ ਉਹ ਅਫਗਾਨਿਸਤਾਨ ਤੋਂ ਅਮਰੀਕੀ ਨਾਗਰਿਕਾਂ ਤੇ ਅਫਗਾਨਾਂ ਨੂੰ ਕੱਢਣ ਲਈ ਫੌਜੀ ਮਿਸ਼ਨ ਦੀ ਸਮਾਪਤੀ ਦਾ ਐਲਾਨ ਕਰਦੇ ਹਨ। ਇਸ ਤੋਂ ਇਲਾਵਾ ਅਮਰੀਕਾ ਨੇ ਅਫਗਾਨਿਸਤਾਨ ‘ਚ ਆਪਣੀ ਰਾਜਨੀਤਕ ਮੌਜੂਦਗੀ ਵੀ ਖਤਮ ਕਰ ਦਿੱਤੀ ਹੈ । ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਿਲੰਕਨ ਅਨੁਸਾਰ ਅਮਰੀਕਾ ਹਰ ਉਸ ਅਮਰੀਕੀ ਅਤੇ ਅਫਗਾਨੀ ਨਾਗਰਿਕ ਦੀ ਮਦਦ ਕਰਨ ਲਈ ਵਚਨਬੱਧ ਹੈ ਜੋ ਅਫਗਾਨਿਸਤਾਨ ਛੱਡਣਾ ਚਾਹੁੰਦਾ ਹੈ। ਜਿਕਰਯੋਗ ਹੈ ਕਿ ਅਮਰੀਕੀ ਸੈਨਿਕਾਂ ਨੇ ਹਜਾਰਾਂ ਦੀ ਗਿਣਤੀ ਵਿੱਚ ਅਮਰੀਕੀ, ਅਫਗਾਨੀ ਨਾਗਰਿਕਾਂ ਦੇ ਨਾਲ ਹੋਰ ਅਧਿਕਾਰੀਆਂ ਨੂੰ ਤਾਲਿਬਾਨ ਦੇ ਕਬਜੇ ਤੋਂ ਬਾਅਦ ਉੱਥੋਂ ਸੁਰੱਖਿਅਤ ਕੱਢਿਆ ਹੈ। ਪਰ ਫਿਰ ਵੀ ਇਸ ਮਿਸ਼ਨ ਦੀ ਸਮਾਪਤੀ ਕਰਕੇ ਕਈ ਅਮਰੀਕੀ ਨਾਗਰਿਕ ਅਫਗਾਨਿਸਤਾਨ ‘ਚ ਰਹਿ ਗਏ ਹਨ।

Real Estate