ਅਮਰੀਕਾ: ਤੂਫਾਨ ਇਡਾ ਕਾਰਨ 80 ਬਿਲੀਅਨ ਡਾਲਰ ਤੱਕ ਨੁਕਸਾਨ ਹੋਣ ਦਾ ਖਦਸ਼ਾ

105

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕੁੱਝ ਖੇਤਰਾਂ ਨੇ ਪਿਛਲੇ ਦਿਨੀਂ ਜਬਰਦਸਤ ਤੂਫਾਨ ਇਡਾ ਦਾ ਸਾਹਮਣਾ ਕੀਤਾ। ਇਸ ਸਬੰਧੀ ਐਕੂ-ਵੈਦਰ ਦੇ ਇੱਕ ਅਨੁਮਾਨ ਅਨੁਸਾਰ, ਅਮਰੀਕਾ ਵਿੱਚ ਤੂਫਾਨ ਇਡਾ ਕਾਰਨ ਹੋਏ ਕੁੱਲ ਆਰਥਿਕ ਅਤੇ ਹੋਰ ਨੁਕਸਾਨ 70 ਬਿਲੀਅਨ ਡਾਲਰ ਤੋਂ 80 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਇਡਾ ਤੂਫਾਨ ਅਮਰੀਕਾ ਵਿੱਚ ਆਉਣ ਵਾਲਾ ਪੰਜਵਾਂ ਸਭ ਤੋਂ ਵੱਡਾ ਤੂਫਾਨ ਬਣ ਗਿਆ ਹੈ। ਇਸ ਤੂਫਾਨ ਦੀ ਵਜ੍ਹਾ ਕਾਰਨ ਹੋਰ ਨੁਕਸਾਨ ਦੇ ਨਾਲ ਵਸਨੀਕਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਠੱਪ ਹੋਈ ਹੈ, ਜਿਸ ਵਿੱਚ ਤਕਰੀਬਨ ਸਾਰਾ ਨਿਊ ਓਰਲੀਨਜ਼ ਸ਼ਹਿਰ ਸ਼ਾਮਲ ਹੈ। ਬਿਜਲੀ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਬਿਜਲੀ ਸਪਲਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਹਫਤੇ ਭਰ ਦਾ ਟਾਈਮ ਲੱਗ ਸਕਦਾ ਹੈ। ਬਿਜਲੀ ਸਪਲਾਈ ਤੋਂ ਇਲਾਵਾ ਲੁਈਸਿਆਨਾ ਵਿੱਚ ਤੇਲ ਅਤੇ ਗੈਸ ਦਾ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ ਲਗਭਗ 90% ਤੇਲ ਅਤੇ ਗੈਸ ਦਾ ਉਤਪਾਦਨ ਤੂਫਾਨ ਕਾਰਨ ਨਾਲ ਰੁਕ ਗਿਆ ਹੈ। ਐਕੂ- ਵੈਦਰ ਦੇ ਆਰਥਿਕ ਨੁਕਸਾਨ ਦੇ ਅਨੁਮਾਨ ਦੀ ਗਿਣਤੀ ਤੂਫਾਨ ਦੇ ਸਾਰੇ ਸਿੱਧੇ ਅਤੇ ਅਸਿੱਧੇ ਖਰਚਿਆਂ ਸਮੇਤ ਹੈ, ਜਿਸ ਵਿੱਚ ਬੀਮਾ ਯੁਕਤ ਅਤੇ ਬੀਮਾ ਰਹਿਤ ਨੁਕਸਾਨ ਸ਼ਾਮਲ ਹਨ। ਇਸ ਵਿੱਚ ਘਰਾਂ, ਕਾਰਾਂ, ਨੌਕਰੀ ਅਤੇ ਤਨਖਾਹ , ਵਪਾਰਕ ਨੁਕਸਾਨ ਆਦਿ ਦੇ ਨਾਲ ਯਾਤਰਾ ਵਿੱਚ ਵਿਘਨ, ਡਾਕਟਰੀ ਖਰਚੇ, ਸੈਰ ਸਪਾਟਾ, ਤੇਲ ਅਤੇ ਗੈਸ ਉਤਪਾਦਨ ਸਮੇਤ ਪ੍ਰਭਾਵਿਤ ਉਦਯੋਗਾਂ ਉੱਤੇ ਲੰਮੇ ਸਮੇਂ ਦੇ ਪ੍ਰਭਾਵ ਸ਼ਾਮਲ ਹਨ।

Real Estate