ਜੋਅ ਬਾਈਡੇਨ ਨੇ ਅਫਗਾਨਿਸਤਾਨ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

91

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਕਾਬੁਲ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਮ੍ਰਿਤਕ ਸ਼ਰੀਰ ਡੋਵਰ ਏਅਰ ਫੋਰਸ ਬੇਸ ਵਿਖੇ ਪਹੁੰਚਣ ‘ਤੇ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਪਣੀ ਪਤਨੀ ਜਿਲ ਬਾਈਡੇਨ ਅਤੇ ਹੋਰ ਅਧਿਕਾਰੀਆਂ ਸਮੇਤ ਜੋਅ ਬਾਈਡੇਨ ਨੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਜਿਕਰਯੋਗ ਹੈ ਕਿ ਇਸ ਹਮਲੇ ਦੇ ਮ੍ਰਿਤਕਾਂ ਦੀ ਉਮਰ 20 ਤੋਂ 31 ਸਾਲ ਤੱਕ ਸੀ ਅਤੇ ਇਹ ਕੈਲੀਫੋਰਨੀਆ, ਮੈਸੇਚਿਉਸੇਟਸ ਅਤੇ ਕੁੱਝ ਹੋਰ ਰਾਜਾਂ ਤੋਂ ਆਏ ਸਨ। ਇਨ੍ਹਾਂ ਵਿੱਚ ਵਯੋਮਿੰਗ ਦਾ ਇੱਕ 20 ਸਾਲਾਂ ਮਰੀਨ ਵੀ ਸ਼ਾਮਲ ਹੈ ਜੋ ਕਿ ਤਿੰਨ ਹਫਤਿਆਂ ਵਿੱਚ ਆਪਣੇ ਪਹਿਲੇ ਬੱਚੇ ਦਾ ਪਿਤਾ ਬਨਣ ਦੀ ਉਮੀਦ ਕਰ ਰਿਹਾ ਸੀ। ਇਸਦੇ ਇਲਾਵਾ ਇੱਕ 22 ਸਾਲਾਂ ਨੇਵੀ ਕਾਰਪਸਮੈਨ ਵੀ ਸ਼ਾਮਲ ਸੀ। ਜੋਅ ਬਾਈਡੇਨ ਨੇ ਇਹਨਾਂ 13 ਸਰਵਿਸ ਮੈਂਬਰਾਂ ਨੂੰ ਹੀਰੋ ਦੱਸਿਆ ਅਤੇ ਉਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ। ਇਸ ਏਅਰ ਬੇਸ ‘ਤੇ ਜੋਅ ਬਾਈਡੇਨ ਰਾਸ਼ਟਰਪਤੀ ਵਜੋਂ ਸੈਨਿਕਾਂ ਦੇ ਮ੍ਰਿਤਕ ਸ਼ਰੀਰ ਦੀ ਸਨਮਾਨ ਸਹਿਤ ਵਾਪਸੀ ਰਸਮਾਂ ਲਈ ਸ਼ਾਮਲ ਹੋਏ ਜਦਕਿ ਉਹ ਇਸ ਤੋਂ ਪਹਿਲਾਂ ਹੋਰ ਰਾਸ਼ਟਰਪਤੀਆਂ ਨਾਲ ਅਜਿਹੇ ਸਨਮਾਨਜਨਕ ਸ਼ਰਧਾਂਜਲੀ ਮੌਕਿਆਂ ਵਿੱਚ ਸ਼ਾਮਲ ਹੋਏ ਹਨ।

Real Estate