ਰਣਜੀਤ ਸਿੰਘ ਕਤਲ ਮਾਮਲੇ ਵਿੱਚ ਵੱਡਾ ਮੋੜ, ਜੱਜ ਨੂੰ ਫੈਸਲਾ ਸੁਣਾਉਣ ਤੋਂ ਹਾਈ ਕੋਰਟ ਨੇ ਰੋਕਿਆ

103

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੇ ਕਤਲ ਦੇ ਮਾਮਲੇ ਵਿੱਚ ਸੀਬੀਆਈ ਜੱਜ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ੈਸਲਾ ਸੁਣਾਉਣ ਤੋਂ ਰੋਕ ਦਿੱਤਾ ਹੈ। ਰਣਜੀਤ ਸਿੰਘ ਦੀ ਹੱਤਿਆ ਨਾਲ ਜੁੜਿਆ ਹੋਇਆ ਇਹ ਕੇਸ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਿਚ ਚੱਲ ਰਿਹਾ ਹੈ। ਇਸ ਕੇਸ ਵਿਚ ਜੇਲ੍ਹ ’ਚ ਕੈਦ ਵਿਵਾਦਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁਲਜ਼ਮ ਹੈ। ਪੀੜਤ ਦੇ ਪੁੱਤਰ ਜਗਸੀਰ ਸਿੰਘ ਨੇ ਇਸ ਮਾਮਲੇ ਵਿਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਉਸ ਨੇ ਕੇਸ ਪੰਜਾਬ, ਹਰਿਆਣਾ ਜਾਂ ਚੰਡੀਗੜ੍ਹ ਦੀ ਕਿਸੇ ਹੋਰ ਸੀਬੀਆਈ ਅਦਾਲਤ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜਗਸੀਰ ਸਿੰਘ ਨੇ ਕਿਹਾ ਹੈ ਕਿ ਵਿਸ਼ੇਸ਼ ਅਦਾਲਤ ਦਾ ਜੱਜ ਸੀਬੀਆਈ ਦੇ ਇਕ ਵਕੀਲ ਰਾਹੀਂ ਮੁਲਜ਼ਮ ਦੇ ਪ੍ਰਭਾਵ ਹੇਠ ਆ ਗਿਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਸੀਬੀਆਈ ਦਾ ਇਕ ਵਕੀਲ ਇਸ ਕੇਸ ਨਾਲ ਹਾਲਾਂਕਿ ਸਿੱਧੇ ਤੌਰ ਉਤੇ ਨਹੀਂ ਜੁੜਿਆ ਹੋਇਆ ਪਰ ਉਹ ਸੁਣਵਾਈ ਵੇਲੇ ਹਾਜ਼ਰ ਹੁੰਦਾ ਹੈ ਤੇ ਦਖ਼ਲ ਦੇ ਰਿਹਾ ਹੈ। ਜਗਸੀਰ ਮੁਤਾਬਕ ਉਹ ਇਸਤਗਾਸਾ ਪੱਖ ਦਾ ਮੁੱਖ ਵਕੀਲ ਨਹੀਂ ਹੈ ਪਰ ਕੇਸ ਲੜ ਰਹੇ ਵਿਸ਼ੇਸ਼ ਸਰਕਾਰੀ ਵਕੀਲ ਨੂੰ ਸੁਣਵਾਈ ਦੌਰਾਨ ਸਲਾਹ ਦਿੰਦਾ ਰਹਿੰਦਾ ਹੈ। ਉਹ ਬਿਨਾਂ ਮਤਲਬ ਕੇਸ ਵਿਚ ਦਿਲਚਸਪੀ ਲੈਂਦਾ ਹੈ ਤੇ ਜੱਜ ਉਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਵਿਸ਼ੇਸ਼ ਅਦਾਲਤ ਨੇ ਫ਼ੈਸਲਾ ਸੁਣਾਉਣ ਲਈ 26 ਅਗਸਤ ਦੀ ਤਰੀਕ ਤੈਅ ਕੀਤੀ ਸੀ। ਹਾਈ ਕੋਰਟ ਵਿਚ ਮਾਮਲੇ ਉਤੇ ਸੁਣਵਾਈ ਹੁਣ 27 ਅਗਸਤ ਨੂੰ ਹੋਵੇਗੀ। ਰਾਮ ਰਹੀਮ ਦੇ ਪੈਰੋਕਾਰ ਰਣਜੀਤ ਸਿੰਘ ਦੀ 10 ਜੁਲਾਈ, 2002 ਨੂੰ ਕੁਰੂਕਸ਼ੇਤਰ ਵਿਚ ਚਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਨੇ ਡੇਰਾ ਮੁਖੀ ਦੇ ‘ਖ਼ਿਲਾਫ਼ ਬੋਲਣ ਦੀ ਕੋਸ਼ਿਸ਼ ਕੀਤੀ ਸੀ।’
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਣਜੀਤ ਕਤਲ ਕੇਸ ਮਾਮਲੇ ਵਿੱਚ ਫ਼ੈਸਲਾ ਸੁਣਾਉਣ ’ਤੇ ਰੋਕ ਲਾਏ ਜਾਣ ਸਬੰਧੀ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਸੀਬੀਆਈ ਕੋਰਟ ਦੇ ਜੱਜ ਨੂੰ ਇਸ ਮਾਮਲੇ ਤੋਂ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ ਤਾਂ ਜੋ ਪੀੜਤ ਧਿਰ ਦਾ ਅਦਾਲਤ ’ਤੇ ਵਿਸ਼ਵਾਸ ਬਣਿਆ ਰਹੇ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਸੀਬੀਆਈ ਕੋਰਟ ’ਤੇ ਬੇਭਰੋਸੀ ਪ੍ਰਗਟ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਟਰਾਂਸਫਰ ਕਰਨ ਦੀ ਅਪੀਲ ਕੀਤੀ ਹੈ, ਜਿਸ ’ਤੇ ਹਾਈ ਕੋਰਟ ਨੇ 27 ਅਗਸਤ ਤੱਕ ਫ਼ੈਸਲਾ ਸੁਣਾਉਣ ’ਤੇ ਰੋਕ ਲਾ ਦਿੱਤੀ ਹੈ। ਅੰਸ਼ੁਲ ਨੇ ਕਿਹਾ ਕਿ ਪੀੜਤ ਪਰਿਵਾਰ ਪਿਛਲੇ 19 ਸਾਲਾਂ ਤੋਂ ਨਿਆਂ ਲਈ ਸੰਘਰਸ਼ ਕਰ ਰਿਹਾ ਹੈ ਤੇ ਹੁਣ ਪਰਿਵਾਰ ਨੂੰ ਨਿਆਂ ਦੀ ਆਸ ਬੱਝੀ ਹੈ। ਜੇ ਪਰਿਵਾਰ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਤੇ ਬੇਭਰੋਸਗੀ ਪ੍ਰਗਟ ਕੀਤੀ ਹੈ ਤਾਂ ਸੀਬੀਆਈ ਦੇ ਜੱਜ ਨੂੰ ਇਸ ਕੇਸ ਤੋਂ ਖ਼ੁਦ ਨੂੰ ਵੱਖ ਕਰ ਲੈਣਾ ਚਾਹੀਦਾ ਹੈ।

Real Estate