ਡੇਰਾ ਮੁਖੀ ਦੀਆਂ ਕਾਰ ਵਿੱਚ ਕਰਵਾਈਆਂ ਖਾਸ ਮੁਲਾਕਾਤਾਂ , ਡੀਐੱਸਪੀ ਸਸਪੈਂਡ

81

ਦਿੱਲੀ ਏਮਜ਼ ਤੋਂ ਰੋਹਤਕ ਸੁਨਾਰੀਆ ਜੇਲ੍ਹ ਆਉਂਦੇ ਸਮੇਂ ਡੇਰਾ ਮੁਖੀ ਗੁਰਮੀਤ ਨੂੰ ਸਪੈਸ਼ਲ ਗੈਸਟ ਨਾਲ ਮਿਲਵਾਉਣ ਦੇ ਮਾਮਲੇ ’ਚ ਡੀਐੱਸਪੀ ਮੇਹਮ ਸ਼ਮਸ਼ੇਰ ਸਿੰਘ ’ਤੇ ਗਾਜ਼ ਡਿੱਗੀ ਹੈ। ਸੁਰੱਖਿਆ ਇੰਚਾਰਜ ਰਹੇ ਡੀਐੱਸਪੀ ਨੇ ਵਾਪਸ ਪਰਤਦੇ ਸਮੇਂ ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ, ਜਿਸ ਵਿਚ ਔਰਤਾਂ ਵੀ ਸ਼ਾਮਲ ਸਨ। ਸੁਰੱਖਿਆ ’ਚ ਹੋਈ ਇਸ ਢਿੱਲ ਨੂੰ ਲੈ ਕੇ ਪਿਛਲੇ ਦਿਨੀਂ ਮਾਮਲਾ ਸੁਰਖੀਆਂ ’ਚ ਆਇਆ, ਜਿਸ ਤੋਂ ਬਾਅਦ ਹੁਣ ਹੈੱਡਕੁਆਰਟਰ ਤੋਂ ਡੀਐੱਸਪੀ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅਸਲ ’ਚ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਡੇਰਾ ਮੁਖੀ ਗੁਰਮੀਤ 20 ਸਾਲਾਂ ਦੀ ਸਜ਼ਾ ਕੱਟ ਰਿਹਾ ਹੈ, ਜਿਹੜਾ ਸੁਨਾਰੀਆ ਜੇਲ੍ਹ ’ਚ ਬੰਦ ਹੈ। 17 ਜੁਲਾਈ ਨੂੰ ਕੁਝ ਟੈਸਟ ਕਰਾਉਣ ਲਈ ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਵਿਚਾਲੇ ਦਿੱਲੀ ਸਥਿਤ ਏਮਜ਼ ਹਸਪਤਾਲ ’ਚ ਲਿਜਾਂਦਾ ਗਿਆ ਸੀ। ਦਿੱਲੀ ਜਾਣ ਤੇ ਆਉਣ ਦੌਰਾਨ ਡੇਰਾ ਮੁਖੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਡੀਐੱਸਪੀ ਮੇਹਮ ਦੇ ਹਵਾਲੇ ਸੀ।
ਉੱਥੋਂ ਪਰਤਦੇ ਸਮੇਂ ਡੀਐੱਸਪੀ ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ ’ਚ ਬਿਠਾਇਆ ਸੀ, ਜਿਸ ਵਿਚ ਦੋ ਔਰਤਾਂ ਵੀ ਬੈਠੀਆਂ ਸਨ। ਰਸਤੇ ਵਿਚ ਕਈ ਥਾੲੀਂ ਗੱਡੀਆਂ ਰੋਕੀਆਂ ਗਈਆਂ ਤੇ ਰੂਟ ਵੀ ਬਦਲਿਆ ਗਿਆ ਸੀ। ਉੱਥੋਂ ਆਉਣ ਤੋਂ ਬਾਅਦ ਮੇਹਮ ਦੇ ਡੀਐੱਸਪੀ ਦੀ ਨਿਗਰਾਨੀ ’ਚ ਕੰਮ ਕਰ ਰਹੇ ਰੋਹਤਕ ਦੇ ਇਕ ਹੋਰ ਡੀਐੱਸਪੀ ਨੇ ਇਸ ਦੀ ਰਿਪੋਰਟ ਐੱਸਪੀ ਰਾਹੁਲ ਸ਼ਰਮਾ ਨੂੰ ਦਿੱਤੀ। ਐੱਸਪੀ ਨੇ ਤੁਰੰਤ ਏਡੀਜੀਪੀ ਸੰਦੀਪ ਖਿਰਵਾਰ ਨੂੰ ਮਾਮਲੇ ਤੋਂ ਜਾਣੂ ਕਰਾਇਆ, ਜਿਸਦੇ ਬਾਅਦ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਹੈੱਡਕੁਆਰਟਰ ਨੂੰ ਭੇਜੀ ਗਈ ਸੀ। ਇਸ ਰਿਪੋਰਟ ’ਚ ਡੀਐੱਸਪੀ ਮੇਹਮ ਦੀ ਮੁਅੱਤਲੀ ਦੀ ਸਿਫਾਰਸ਼ ਕੀਤੀ ਗਈ ਸੀ। ਹੁਣ ਇਸ ਮਾਮਲੇ ’ਚ ਡੀਐੱਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

Real Estate