ਤਾਲਿਬਾਨ ਨੇ ਅਫ਼ਗਾਨਿਸਤਾਨ ਦੇ 10ਵੇਂ ਸੂਬੇ ਦੀ ਰਾਜਧਾਨੀ ‘ਤੇ ਵੀ ਕੀਤਾ ਕਬਜ਼ਾ

83

ਤਾਲਿਬਾਨ ਨੇ ਸਭ ਤੋਂ ਅਹਿਮ ਸ਼ਹਿਰ ਗਜ਼ਨੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਇਹ ਅਫ਼ਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਹੈ ਜਿਸ ਨੂੰ ਤਾਲਿਬਾਨ ਨੇ ਲੰਘੇ ਇੱਕ ਹਫ਼ਤੇ ਵਿੱਚ ਆਪਣੇ ਅਧੀਨ ਕਰ ਲਿਆ ਹੈ। ਤਾਲਿਬਾਨ ਦੇ ਬੁਲਾਰੇ ਕਾਰੀ ਯੁਸੂਫ਼ ਅਹਿਮਦੀ ਨੇ ਗਜ਼ਨੀ ਦੇ ਗਵਰਨਰ ਦਫ਼ਤਰ, ਪੁਲਿਸ ਹੈੱਡਕੁਆਰਟਰ, ਸੁਰੱਖਿਆ ਡਾਇਰੈਟੋਰੇਟ ਅਤੇ ਜੇਲ੍ਹ ਸਣੇ ਕਈ ਥਾਵਾਂ ਉੱਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਗਜ਼ਨੀ ਤੋਂ ਆ ਰਹੀਆਂ ਤਸਵੀਰਾਂ ਵਿੱਚ ਪੁਲਿਸ ਹੈੱਡਕੁਆਰਟਰ ਦੇ ਬਾਹਰ ਅਤੇ ਸ਼ਹਿਰ ਦੀਆਂ ਬਹੁਮੰਜ਼ਿਲਾਂ ਇਮਾਰਤਾਂ ਉੱਤੇ ਚਰਮਪੰਥੀ ਦਿਖਾਈ ਦੇ ਰਹੇ ਹਨ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਾਡਰਾਕ ਸੂਬੇ ‘ਚ ਗਜ਼ਨੀ ਦੇ ਗਵਰਨਰ ਦਾਉਗ ਲਘਮਾਨੀ, ਉਨ੍ਹਾਂ ਦੇ ਡਿਪਟੀ ਗਵਰਨਰ, ਆਫ਼ਿਸ ਡਾਇਰੈਕਟਰ ਅਤੇ ਹੋਰ ਸਹਾਇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਤਰ ਦੇ ਨਿਊਜ਼ ਚੈਨਲ ਅਲ-ਜਜ਼ੀਰਾ ਨੂੰ ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਹਰਾਉਣ ਲਈ ਉਨ੍ਹਾਂ ਦੀ ਸਰਕਾਰ ਪਲਾਨ ਬੀ ਉੱਤੇ ਕੰਮ ਕਰ ਰਹੀ ਹੈ। ਅਫ਼ਗਾਸਿਤਾਨ ਦੇ ਗ੍ਰਹਿ ਮੰਤਰੀ ਜਨਰਲ ਅਬਦੁਲ ਸਤਾਰ ਮਿਰਜ਼ਾਕਲ ਨੇ ਬੁੱਧਵਾਰ ਨੂੰ ਅਲ-ਜਜ਼ੀਰਾ ਨੂੰ ਦਿੱਤੇ ਖ਼ਾਸ ਇੰਟਰਵਿਊ ਵਿੱਚ ਕਿਹਾ ਕਿ ਤਾਲਿਬਾਨ ਨੂੰ ਪਿੱਛੇ ਧੱਕਣ ਲਈ ਤਿੰਨ ਪੱਧਰੀ ਯੋਜਨਾ ਤਹਿਤ ਸਥਾਨਕ ਸਮੂਹਾਂ ਨੂੰ ਹਥਿਆਰਬੰਦ ਕੀਤਾ ਜਾ ਰਿਹਾ ਹੈ। ਸਤਾਰ ਨੇ ਕਿਹਾ ਕਿ ਅਫ਼ਗਾਨ ਫੋਰਸੇਸ ਅਹਿਮ ਹਾਈਵੇਅ ਨੂੰ ਸੁਰੱਖਿਅਤ ਕਰਨ ਉੱਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਇਸ ਤੋਂ ਇਲਾਵਾ ਵੱਡੇ ਸ਼ਹਿਰਾਂ ਅਤੇ ਬਾਰਡਰ ਕ੍ਰੋਸਿੰਗ ਨੂੰ ਬਚਾਉਣ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਮਿਰਜ਼ਾਕਲ ਕੋਲ ਇੱਕ ਲੱਖ 30 ਹਜ਼ਾਰ ਪੁਲਿਸ ਫੋਰਸ ਦੀ ਕਮਾਨ ਹੈ। ਉਨ੍ਹਾਂ ਨੂੰ ਪੰਜ ਦਿਨ ਪਹਿਲਾਂ ਹੀ ਗ੍ਰਹਿ ਮੰਤਰਾਲੇ ਦੀ ਕਮਾਨ ਮਿਲੀ ਹੈ। ਮਿਰਜ਼ਾਕਲ ਨੇ ਕਿਹਾ ਕਿ ਸਰਕਾਰ ਸਥਾਨਕ ਲੋਕਾਂ ਨੂੰ ਤਿਆਰ ਕਰ ਰਹੀ ਹੈ।
ਮਿਰਜ਼ਾਕਲ ਨੇ ਅਲ ਜਜ਼ੀਰਾ ਨੂੰ ਕਿਹਾ, ”ਅਸੀਂ ਲੋਕ ਤਿੰਨ ਪੱਧਰੀ ਯੋਜਨਾ ‘ਤੇ ਕੰਮ ਕਰ ਰਹੇ ਹਾਂ। ਪਹਿਲਾ ਇਹ ਕਿ ਸਾਡੇ ਫੌਜੀਆਂ ਨੂੰ ਪਿੱਛੇ ਨਾ ਹਟਨਾ ਪਵੇ। ਦੂਜਾ ਇਹ ਕਿ ਆਪਣੀ ਸੁਰੱਖਿਆ ਫੋਰਸ ਨੂੰ ਫ਼ਿਰ ਇਕੱਠਾ ਕੀਤਾ ਜਾਵੇ ਅਤੇ ਸ਼ਹਿਰਾਂ ਦੀ ਸੁਰੱਖਿਆ ਸਖ਼ਤ ਕੀਤੀ ਜਾਵੇ। ਜਿਨ੍ਹਾਂ ਨੇ ਵੀ ਫੌਜ ਦੀ ਨੌਕਰੀ ਛੱਡ ਦਿੱਤੀ ਹੈ, ਉਨ੍ਹਾਂ ਨੂੰ ਅਸੀਂ ਫ਼ਿਰ ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੀਜੀ ਯੋਜਨਾ ਹੈ ਕਿ ਹਮਲਾ ਕੀਤਾ ਜਾਵੇ। ਹਾਲੇ ਅਸੀਂ ਦੂਜੇ ਪੜਾਈ ਦੀ ਯੋਜਨਾ ‘ਤੇ ਕੰਮ ਕਰ ਰਹੇ ਹਾਂ।”

Real Estate