ਅਗਲੀਆਂ ਉਲੰਪਿਕਸ ਹੁਣ ਪੈਰਿਸ ਹੋਣਗੀਆਂ

142

ਕਰੋਨਾ ਕਾਲ ਦੀਆਂ ਚੁਣੌਤੀਆਂ ਦਰਮਿਆਨ ਹੋਈਆਂ ਟੋਕੀਓ ਓਲੰਪਿਕ ਖੇਡਾਂ ਹੁਣ ਤਿੰਨ ਸਾਲ ਮਗਰੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੁੜ ਮਿਲਣ ਦੇ ਐਲਾਨ ਨਾਲ ਸਮਾਪਤ ਹੋ ਗਈਆਂ। ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਕ ਨੇ 32ਵੀਆਂ ਓਲੰਪਿਕ ਖੇਡਾਂ ਨੂੰ ਅਧਿਕਾਰਤ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਖੇਡ ਮਹਾਕੁੰਭ ਵਿੱਚ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਤੇ ਜਾਪਾਨ ਦੇ ਲੋਕਾਂ ਵੱਲੋਂ ਵਿਖਾਏ ਜਜ਼ਬੇ ਨੂੰ ਸਲਾਮ ਕੀਤਾ। ਸਮਾਪਤੀ ਸਮਾਗਮ ਦੌਰਾਨ ਜਿੱਥੇ ਓਲੰਪਿਕ ਸਟੇਡੀਅਮ ਵਿੱਚ ਆਤਿਸ਼ਬਾਜ਼ੀ ਕੀਤੀ ਗਈ, ਉਥੇ ਕਲਾਕਾਰਾਂ ਨੇ ਨ੍ਰਿਤ ਤੇ ਗੀਤਾਂ ’ਤੇ ਅਧਾਰਿਤ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਮਾਪਤੀ ਸਮਾਗਮ ਦੇ ਨਾਲ ਹੀ ਜਾਪਾਨ ਦੀ ਰਾਜਧਾਨੀ ਵਿੱਚ ਹੋਈਆਂ ਇਤਿਹਾਸ ਦੀਆਂ ਸਭ ਤੋਂ ਨਿਵੇਕਲੀਆਂ ਖੇਡਾਂ ਸਮਾਪਤ ਹੋ ਗਈਆਂ ਹਨ। ਆਈਓਸੀ ਮੁਖੀ ਨੇ ਪੈਰਿਸ ਦੀ ਮੇਅਰ ਐਨੀ ਹਿਦਾਲਗੋ ਨੂੰ ਓਲੰਪਿਕ ਝੰਡਾ ਸੌਂਪਦਿਆਂ ਜਿੱਥੇ ਅੱਗੇ ਵਧਣ ਦਾ ਸੁਨੇਹਾ ਦਿੱਤਾ, ਉਥੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਨੂੰ ਵੀ ਯਾਦ ਕੀਤਾ। ਕਰੋਨਾ ਕਰਕੇ ਕੁੱਲ ਆਲਮ ਨੂੰ ਦਰਪੇਸ਼ ਸਿਹਤ ਚੁਣੌਤੀ ਕਰ ਕੇ ਟੋਕੀਓ ਖੇਡਾਂ ਭਾਵੇਂ ਇਕ ਸਾਲ ਲਈ ਅੱਗੇ ਪੈ ਗਈਆਂ ਤੇ ਸਥਾਨਕ ਲੋਕ ਖੇਡਾਂ ਕਰਵਾਉਣ ਦੇ ਵਿਚਾਰ ਨੂੰ ਲੈ ਕੇ ਵੰਡੇ ਨਜ਼ਰ ਆਏ, ਪਰ ਆਖਿਰ ਨੂੰ ਖੇਡ ਮਹਾਕੁੰਭ ਸਾਰੀਆਂ ਚੁਣੌਤੀਆਂ ਨੂੰ ਪਾਰ ਪਾਉਂਦਿਆਂ ਦਿਨ ਦੀ ਰੌਸ਼ਨੀ ਵੇਖਣ ਵਿੱਚ ਸਫ਼ਲ ਰਿਹਾ। ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬਾਕ ਨੇ ਟੋਕੀਓ ਓਲੰਪਿਕ ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਕਿਹਾ, ‘‘ਅਥਲੀਟਾਂ ਨੇ ਨਾ ਸਿਰਫ਼ ਤੇਜ਼ੀ ਵਿਖਾਈ ਬਲਕਿ ਉਨ੍ਹਾਂ ਹੋਰ ਉਚਾਈਆਂ ਛੋਹੀਆਂ ਤੇ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਕਿਉਂਕਿ ਉਹ ਸਾਰੇ ਇਕਜੁੱਟ ਹੋ ਕੇ ਖੜ੍ਹੇ ਰਹੇ।’ ਬਾਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਖੇਡਾਂ ਸਾਂਝੀਵਾਲਤਾ ਦਾ ਪ੍ਰਗਟਾਵਾ ਹਨ ਤੇ ਤੁਸੀਂ ਸਾਰੇ ਸਾਡੇ ਲਈ ਪ੍ਰੇਰਨਾਸਰੋਤ ਹੋ। ਮਹਾਮਰੀ ਦੌਰਾਨ ਤੁਸੀਂ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਜਿਸ ਕਰਕੇ ਇਹ ਖੇਡਾਂ ਹੋਰ ਵੀ ਅਲੌਕਿਕ ਹਨ। ਬਿਨਾਂ ਇਕਜੁੱਟਤਾ ਤੇ ਸਾਂਝੀਵਾਲਤਾ ਦੇ ਇਹ ਖੇਡਾਂ ਸੰਭਵ ਨਹੀਂ ਸਨ।’’ ਆਈਓਸੀ ਮੁਖੀ ਨੇ ਕਿਹਾ, ‘‘ਮਹਾਮਾਰੀ ਮਗਰੋਂ ਪਹਿਲਾ ਮੌਕਾ ਹੈ ਜਦੋਂ ਕੁੱਲ ਆਲਮ ਇਕ ਮੰਚ ’ਤੇ ਇਕੱਠਾ ਹੋਇਆ ਹੈ। ਲੋਕ ਜੋਸ਼, ਖ਼ੁਸ਼ੀ ਤੇ ਉਤੇਜਨਾ ਦੇ ਪਲਾਂ ਨੂੰ ਸਾਂਝਿਆਂ ਕਰਨ ਮੌਕੇ ਇਕਜੁੱਟ ਨਜ਼ਰ ਆਏ। ਇਸ ਨੇ ਸਾਨੂੰ ਇਕ ਆਸ ਦਿੱਤੀ, ਭਵਿੱਖ ’ਤੇ ਭਰੋਸਾ ਦਿੱਤਾ ਹੈ।’ ਉਨ੍ਹਾਂ ਜਾਪਾਨ ਦੇ ਲੋਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਜੋ ਕੁਝ ਹਾਸਲ ਕੀਤਾ ਹੈ ਉਸ ਉੱਤੇ ਮਾਣ ਕਰ ਸਕਦੇ ਹਨ। ਸਮਾਪਤੀ ਸਮਾਗਮ ਦੀ ਸ਼ੁਰੂਆਤ 68000 ਦਰਸ਼ਕਾਂ ਦੀ ਬੈਠਣ ਸਮਰੱਥਾ ਵਾਲੇ ਕੌਮੀ ਸਟੇਡੀਅਮ ਵਿੱਚ ਜਾਪਾਨ ਦਾ ਝੰਡਾ ਚੜ੍ਹਾਉਣ ਨਾਲ ਹੋਈ। ਇਸ ਮੌਕੇ ਸਟੇਡੀਅਮ ਵਿੱਚ ਅਥਲੀਟ, ਪਤਵੰਤੇ ਸੱਜਣ ਤੇ ਕਈ ਮੁਲਕਾਂ ਦੇ ਅਧਿਕਾਰੀ ਮੌਜੂਦ ਸਨ। ਵੱਖ ਵੱਖ ਮੁਲਕਾਂ ਦੇ ਖੇਡ ਦਸਤੇ ਵਾਰੀ ਸਿਰ ਸਟੇਡੀਅਮ ਵਿੱਚ ਦਾਖ਼ਲ ਹੋਏ।

Real Estate