ਸਕੂਲ ਵਿੱਚੋਂ ਕਿਸੇ ਦੇ ਵੀ ਕਰੋਨਾ ਪਾਜਿਟਿਵ ਮਿਲਣ ਤੇ ਹੋਵੇਗਾ 14 ਦਿਨਾਂ ਲਈ ਬੰਦ

145

ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲ ਖੋਲ੍ਹਣ ਦੀ ਹਦਾਇਤ ਦੇ ਦਿੱਤੀ ਸੀ ਤੇ ਹੁਣ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਾਰੇ ਸਿਵਲ ਸਰਜਨਾਂ ਨੂੰ ਮਾਹਰ ਕਮੇਟੀ ਵੱਲੋਂ ਸਿਫ਼ਾਰਿਸ਼ ਕੀਤੇ ਐਸ। ਓ। ਪੀਜ਼। ਅਨੁਸਾਰ ਸਕੂਲਾਂ ਵਿਚ ਕੋਵਿਡ-19 ਦੀ ਨਿਗਰਾਨੀ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਬਲਬੀਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਇੱਕ ਕਲਾਸ ਵਿਚ ਕੋਵਿਡ-19 ਦੇ ਇੱਕ ਕੇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਕਲਾਸ ਨੂੰ 14 ਦਿਨਾਂ ਲਈ ਮੁਅੱਤਲ ਅਤੇ ਕੁਆਰੰਟਾਈਨ ਕਰ ਦਿੱਤਾ ਜਾਵੇ ਅਤੇ ਜੇਕਰ ਸਕੂਲ ਵਿਚ 2 ਜਾਂ ਦੋ ਤੋਂ ਵੱਧ ਕੋਵਿਡ-19 ਦੇ ਕੇਸ ਪਾਏ ਜਾਂਦੇ ਹਨ ਤਾਂ ਸਕੂਲ ਨੂੰ 14 ਦਿਨਾਂ ਲਈ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਹਿਰ ਜਾਂ ਕਸਬੇ ਜਾਂ ਬਲਾਕ ਦੇ ਇੱਕ ਤਿਹਾਈ ਸਕੂਲ ਬੰਦ ਹਨ ਤਾਂ ਉਸ ਖੇਤਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣ। ਸਿਹਤ ਮੰਤਰੀ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਦਰਮਿਆਨ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਾਰੇ ਸਿਵਲ ਸਰਜਨਾਂ ਨੂੰ ਸ਼ੱਕੀ ਮਾਮਲਿਆਂ ਸਬੰਧੀ ਅੰਕੜੇ ਪ੍ਰਦਾਨ ਕਰਨ ਅਤੇ ਆਪਣੇ ਸਬੰਧਿਤ ਜ਼ਿਲ੍ਹਿਆਂ ਵਿਚ ਕੋਵਿਡ ਟੈਸਟ ਕਰਵਾਉਣ ਸਬੰਧੀ ਇੱਕ ਮਾਈਕ੍ਰੋ-ਪਲਾਨ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਧੂ ਨੇ ਕਿਹਾ ਕਿ ਸਕੂਲਾਂ ਦੇ ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸਕੂਲ ਅਤੇ ਇਸ ਵਿਚਲੀਆਂ ਵਾਰ-ਵਾਰ ਛੂਹੀਆਂ ਵਾਲੀਆਂ ਚੀਜ਼ਾਂ ਦੀ ਰੋਜ਼ਾਨਾ ਸਫ਼ਾਈ ਅਤੇ ਰੋਗਾਣੂ-ਮੁਕਤ ਕਰਨ ਲਈ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ‘ਬਿਮਾਰ ਹੋਣ ‘ਤੇ ਘਰ ਹੀ ਰਹਿਣ’ ਸਬੰਧੀ ਨੀਤੀ ਲਾਗੂ ਕਰਨੀ ਚਾਹੀਦੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਜਾਂ ਸਟਾਫ਼ ਕੋਵਿਡ-19 ਮਰੀਜ਼ ਦੇ ਸੰਪਰਕ ਵਿਚ ਆਏ ਹਨ, ਉਹ 14 ਦਿਨ ਘਰ ਹੀ ਰਹਿਣ।

Real Estate