ਬਰਾਬਰ ਆਏ ਖਿਡਾਰੀ ਨੂੰ ਲੱਗੀ ਸੱਟ, ਅਥਲੀਟ ਨੇ ਇਕੱਲੇ ਮੈਡਲ ਲੈਣ ਤੋਂ ਇਨਕਾਰ ਕਰ ਦਿੱਤਾ, ਦੋਵਾਂ ਨੂੰ ਦਿੱਤਾ ਗਿਆ ਗੋਲਡ ਮੈਡਲ

132

ਦੁਨੀਆ ਦੇ ਕਿਸੇ ਵੀ ਐਥਲੀਟ ਦਾ ਸਭ ਤੋਂ ਵੱਡਾ ਸੁਪਨਾ ਓਲੰਪਿਕ ‘ਚ ਸੋਨੇ ਦਾ ਤਮਗਾ ਜਿੱਤਣਾ ਹੁੰਦਾ ਹੈ, ਪਰ ਕਤਰ ਦੇ ਐਥਲੀਟ ਮੁਤਾਜ਼ ਐਸਾ ਬਾਰਸ਼ਿਮ ਇਸ ਤੋਂ ਵੀ ਇੱਕ ਕਦਮ ਅੱਗੇ ਨਿਕਲ ਗਏ । ਉਨ੍ਹਾ ਓਲੰਪਿਕ ‘ਚ ਸੋਨੇ ਦੇ ਨਾਲ-ਨਾਲ ਮਾਨਵਤਾ ਦਾ ਤਮਗਾ ਅਤੇ ਦੁਨੀਆ ਭਰ ਦੇ ਖੇਡ ਪ੍ਰੇਮੀਆ ਦਾ ਦਿਲ ਵੀ ਜਿੱਤ ਲਿਆ । ਬਾਰਸ਼ਿਮ ਨੇ ਫਾਇਨਲ ਦੌਰਾਨ ਜ਼ਖ਼ਮੀ ਹੋ ਗਏ ਇਟਲੀ ਦੇ ਗਿਆਨਮਾਰਕੋ ਤਾਂਬੇਰੀ ਨੂੰ ਵੀ ਤਮਗਾ ਦਿਵਾਇਆ । ਇਹ ਕਿੱਸਾ ਟੋਕੀਓ ਓਲੰਪਿਕ ‘ਚ ਪੁਰਸ਼ਾਂ ਦੇ ਹਾਈ ਜੰਪ ਦੌਰਾਨ ਹੋਇਆ । ਬਾਰਸ਼ਿਮ ਅਤੇ ਤਾਂਬੇਰੀ ਦੋਵਾਂ ਨੇ 2.37 ਮੀਟਰ ਦੀ ਛਾਲ ਮਾਰੀ ਅਤੇ ਇੱਕ ਸਾਥ ਪਹਿਲੇ ਸਥਾਨ ‘ਤੇ ਰਹੇ । ਇਸ ਤੋਂ ਬਾਅਦ ਮੁਕਾਬਲੇ ਦੇ ਰੈਫਰੀਆਂ ਨੇ ਦੋਵਾਂ ਨੂੰ ਤਿੰਨ-ਤਿੰਨ ਜੰਪ ਲਾਉਣ ਲਈ ਕਿਹਾ । ਦੋਵਾਂ ‘ਚੋਂ ਕੋਈ ਵੀ ਐਥਲੀਟ ਇਨ੍ਹਾ ਤਿੰਨਾਂ ਜੰਪਾਂ ‘ਚੋਂ 2.37 ਮੀਟਰ ਦੇ ਉਪਰ ਨਹੀਂ ਜਾ ਸਕਿਆ ਤਾਂ ਰੈਫਰੀਆਂ ਨੇ ਉਨ੍ਹਾਂ ਨੂੰ ਇੱਕ-ਇੱਕ ਵਾਰ ਹੋਰ ਜੰਪ ਕਰਨ ਨੂੰ ਕਿਹਾ, ਪਰ ਤਦ ਤੱਕ ਇਤਾਲਵੀ ਤਾਂਬੇਰੀ ਜਖ਼ਮੀ ਹੋ ਚੁੱਕੇ ਸਨ । ਪੈਰ ਦੀ ਸੱਟ ਕਾਰਨ ਉਨ੍ਹਾਂ ਨੇ ਨਾਂਅ ਵਾਪਸ ਲੈ ਲਿਆ । ਹੁਣ ਬਾਰਸ਼ਿਮ ਕੋਲ ਮੌਕਾ ਸੀ ਕਿ ਉਹ ਬੇਹਤਰ ਜੰਪ ਮਾਰ ਕੇ ਸੋਨੇ ਦਾ ਤਮਗਾ ਆਪਣੇ ਨਾਂਅ ਕਰ ਲਵੇ । ਇਤਾਲਵੀ ਐਥਲੀਟ ਦੇ ਬਾਹਰ ਹੋਣ ਤੋਂ ਬਾਅਦ ਬਾਰਸ਼ਿਮ ਨੇ ਰੈਫਰੀਆ ਨੂੰ ਪੁੱਛਿਆ ਕਿ ਜੇਕਰ ਉਹ ਵੀ ਨਾਂਅ ਵਾਪਸ ਲੈ ਲਵੇ ਤਾਂ ਕੀ ਹੋਵੇਗਾ । ਰੈਫਰੀਆਂ ਨੇ ਰੂਲ ਬੁੱਕ ਦੇਖੀ ਅਤੇ ਕਿਹਾ-ਜੇਕਰ ਤੂੰ ਵੀ ਨਾਂਅ ਵਾਪਸ ਲੈਂਦਾ ਤਾਂ ਤੁਹਾਨੂੰ ਦੋਵਾਂ ਨੂੰ ਸੋਨੇ ਦਾ ਤਮਗਾ ਮਿਲੇਗਾ । ਬਾਰਸ਼ਿਮ ਨੇ ਇਸ ਤੋਂ ਬਾਅਦ ਆਪਣਾ ਨਾਂਅ ਵਾਪਸ ਲੈ ਲਿਆ ਅਤੇ ਫਿਰ ਉਸ ਨੂੰ ਅਤੇ ਤਾਂਬੇਰੀ ਦੋਵਾਂ ਨੂੰ ਸੋਨੇ ਦਾ ਤਮਗਾ ਦਿੱਤਾ ਗਿਆ । ਬਾਰਸ਼ਿਮ ਨੇ ਇਸ ਇਤਿਹਾਸਕ ਫੈਸਲੇ ਤੋਂ ਬਾਅਦ ਕਿਹਾ-ਖੇਡ ‘ਚ ਜਿੱਤਣਾ ਹੀ ਸਭ ਕੁਝ ਨਹੀਂ ਹੁੰਦਾ । ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਕਿਸ ਤਰ੍ਹਾਂ ਖੇਡਣਾ ਹੈ ।

Real Estate