ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮੀਟਿੰਗ ’ਚ ਰਚਨਾਵਾਂ ਤੇ ਭਖ਼ਵੀਂ ਚਰਚਾ ਹੋਈ

241

ਬਠਿੰਡਾ, 2 ਅਗਸਤ , ਬਲਵਿੰਦਰ ਸਿੰਘ ਭੁੱਲਰ

ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ: ਦੀ ਸਾਹਿਤਕ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਸ੍ਰੀ ਭੋਲਾ ਸਿੰਘ ਸਮੀਰੀਆ ਦੀ ਪ੍ਰਧਾਨਗੀ ਹੇਠ ਸਥਾਨ ਟੀਚਰਜ ਹੋਮ ਵਿਖੇ ਹੋਈ। ਸਭ ਤੋਂ ਪਹਿਲਾਂ ਜੀਵ ਵਿਗਿਆਨ ਨਾਲ ਸਬੰਧਿਤ ਲੇਖਿਕਾ ਡਾ: ਪੁਸਪਿੰਦਰ ਜੈ ਰੂਪ ਸਿੰਘ ਦੇ ਸਦੀਵੀ ਵਿਛੋੜੇ ਦੇ ਦੁੱਖ ਪ੍ਰਗਟ ਕਰਦਿਆਂ ਇੱਕ ਮਿੰਟ ਦਾ ਮੋਨ ਧਾਰ ਕੇ ਉਹਨਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।
ਰਚਨਾਵਾਂ ਦੇ ਦੌਰ ਵਿੱਚ ਆਗਾਜ਼ਬੀਰ ਨੇ ਆਪਣੀ ਨਵੀਂ ਕਹਾਣੀ ‘ਸੁਲੇਮਾਨੀ ਬਾਰਡਰ’ ਪੜ੍ਹ ਕੇ ਸੁਣਾਈ। ਇਸ ਕਹਾਣੀ ਤੇ ਵਿਚਾਰ ਪੇਸ਼ ਕਰਦਿਆਂ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਕਹਾਣੀ ਬਹੁਤ ਵਧੀਆ ਹੈ, ਪਰ ਸ਼ਬਦ ਜੋੜਾਂ ਦੀਆਂ ਗਲਤੀਆਂ ਵੱਲ ਲੇਖਕ ਨੂੰ ਧਿਆਨ ਦੇਣ ਦੀ ਜਰੂਰਤ ਹੈ। ਨਿਰੰਜਨ ਸਿੰਘ ਪ੍ਰੇਮੀ ਨੇ ਵੀ ਕਹਾਣੀ ਵਿੱਚ ਵਰਤੇ ਗਏ ਗਲਤ ਮੁਹਾਵਰਿਆਂ ਦਾ ਜਿਕਰ ਕੀਤਾ। ਨਾਵਲਕਾਰ ਜਸਪਾਲ ਮਾਨਖੇੜਾ ਨੇ ਬਹਿਸ ਨੂੰ ਅੱਗੇ ਤੋਰਦਿਆਂ ਕਿਹਾ ਕਿ ਕਹਾਣੀਕਾਰ ਨੇ ਔਰਤ ਦਾ ਮਨੋਵਿਸ਼ਲੇਸਨ ਬਾਖੂਬੀ ਚਿਤਰਿਆ ਹੈ। ਕਹਾਣੀ ਵਿੱਚ ਮਾਲਵਾ ਖਿੱਤੇ ਨਾਲ ਸਬੰਧਤ ਅਲੋਪ ਹੋ ਰਹੇ ਸ਼ਬਦ ਵਰਤੇ ਗਏ ਹਨ, ਜੋ ਰਚਨਾ ਦਾ ਚੰਗਾ ਪੱਖ ਹੈ। ਕਹਾਣੀਕਾਰ ਭੋਲਾ ਸਿੰਘ ਸਮੀਰੀਆ ਨੇ ਕਿਹਾ ਕਿ ਇਸ ਕਿਰਤ ਵਿੱਚ ਔਰਤ ਮਨ ਦੀ ਪੀੜਾ ਦਾ ਖਬੂਸੂਰਤ ਬਿਰਤਾਂਤ ਸਿਰਜਿਆ ਹੈ। ਆਲੋਚਕ ਗੁਰਦੇਵ ਖੋਖਰ ਨੇ ਕਹਾਣੀ ਦੇ ਨੁਕਸਾਂ ਫਰਕਾਂ ਤੇ ਗੱਲਬਾਤ ਕਰਦਿਆਂ ਕਿਹਾ ਕਿ ਬਾਤ ਅਤੇ ਕਹਾਣੀ ਵਿੱਚ ਫ਼ਰਕ ਹੁੰਦਾ ਹੈ। ਕਹਾਣੀ ਵਿੱਚ ਆਤਮ ਬਚਨੀ ਹੋਣ ਕਾਰਨ ਸਮਾਜਿਕ ਯਥਾਰਥ ਗਾਇਬ ਹੈ।
ਔਰਤ ਦੇ ਸਮਾਜਿਕ ਅਤੇ ਸਰੀਰਕ ਸੰਕਟ ਦੇ ਕਾਰਨਾਂ ਦੀ ਪੇਸ਼ਕਾਰੀ ਦੀ ਘਾਟ ਹੈ। ਔਰਤ ਨੂੰ ਦਰਪੇਸ ਸੰਕਟਾਂ ਦੀ ਪਿਛੋਕੜ ਵਿੱਚ ਜਾ ਕੇ ਪਛਾਣ ਕਰਕੇ ਵਿਸਥਾਰ ਦੇਣ ਦੀ ਲੋੜ ਹੈ। ਅਮਰਜੀਤ ਸਿੰਘ ਜੀਤ ਦੀ ਗ਼ਜ਼ਲ ‘ਉਸਦੀ ਚੁੰਨੀ ਦੀ ਗੰਢ ਵਿੱਚ ਹੀ ਅੰਬਰ ਆ ਜਾਂਦਾ, ਜਿਸਨੂੰ ਮਾਹੀ ਚੰਨ ਤੇ ਬੱਚਾ ਪਿਆਰਾ ਲਗਦਾ ਹੈ’ ਨੂੰ ਬਹੁਤ ਪਸੰਦ ਕੀਤਾ ਗਿਆ। ਬਲਵਿੰਦਰ ਸਿੰਘ ਭੁੱਲਰ ਨੇ ਮਿੰਨੀ ਕਹਾਣੀ ‘ਦਾਨੀ ਸੱਜਣਾਂ ਦੇ ਨਾਂ’ ਅਤੇ ਕਵਿਤਾ ਹੁਸਨ ‘‘ਅਸਲੀ ਹੁਸਨ ਤਾਂ ਰੁਲਿਆ ਫਿਰਦੈ, ਤੋਟ ਗਰੀਬੀ ’ਚ ਘਿਰਿਆ ਫਿਰਦੈ’’ ਪੇਸ ਕੀਤੀ, ਜਿਹਨਾਂ ਨੂੰ ਕਾਫ਼ੀ ਦਾਦ ਮਿਲੀ। ਜਸਪਾਲ ਮਾਨਖੇੜਾ ਨੇ ਕਾਵਿ ਕਥਾ ਸੁਣਾਈ। ਭੋਲਾ ਸਿੰਘ ਸਮੀਰੀਆ ਨੇ ਸਾਹਿਤਕਾਰਾਂ ਦੀਆਂ ਪਤਨੀਆਂ ਬਾਰੇ ਹਾਸ ਵਿਅੰਗ ਕਵਿਤਾ ਸਾਹਿਤਕਾਰਾਂ
ਦੀਆਂ ਪਤਨੀਆਂ ਇਕੱਠੀਆਂ ਹੋ ਇੱਕ ਦਿਨ ਆਪਣੇ ਦੁਖੜੇ ਰੋਣ ਲੱਗੀਆਂ’ ਸੁਣਾ ਕੇ ਸਰੋਤਿਆਂ ਦੇ ਢਿੱਡੀਂ ਪੀੜਾਂ ਪਾਈਆਂ। ਨਿਰੰਜਨ ਸਿੰਘ ਪ੍ਰੇਮੀ ਨੇ ਨਜ਼ਮ ਅਤੇ ਤਿੰਨ ਰੁਬਾਈਆਂ ਪੇਸ਼ ਕੀਤੀਆਂ।
ਪ੍ਰੋ: ਅਮਰਜੀਤ ਸਿੰਘ ਸਿੱਧੂ ਨੇ ਡਾ: ਇਕਬਾਲ ਦਾ ਸ਼ੇਅਰ ਸੁਣਾ ਕੇ ਮਾਨਖੇੜਾ ਦੀ ਕਵਿਤਾ ਦੀ ਪ੍ਰੋੜਤਾ ਕੀਤੀ, ‘ਐ ਤਾਇਰੇ ਲਾਹੂਤੀ, ਉਸ ਰਿਜਕ ਸੇ ਮੌਤ ਅੱਛੀ, ਜਿਸ ਰਿਜਕ ਸੇ ਆਤੀ ਹੋ ਪਰਵਾਜ਼ ਮੇਂ ਕੋਤਾਹੀ।’ ਕੰਵਲਜੀਤ ਸਿੰਘ ਕੁਟੀ ਨੇ ਕਿਸਾਨਾਂ ਦੇ ਲਾਮਿਸਾਲ ਸੰਘਰਸ ਸਬੰਧੀ ਗ਼ਜ਼ਲ ਪੜ੍ਹੀ, ‘ਪਿੰਡਾਂ ਵਿੱਚ ਘੱਤ ਵਹੀਰਾਂ, ਦਿੱਲੀ ਦੇ ਵੱਲ ਚੱਲੇ ਬਾਬੇ।’ ਲੀਲਾ ਸਿੰਘ ਰਾਏ ਨੇ ਖੂਬਸੂਰਤ ਗੀਤ ਤਰੰਨਮ ਵਿੱਚ ਪੇਸ਼ ਕੀਤਾ। ਦਿਲਬਾਗ ਸਿੰਘ ਨੇ ਚੋਣਾਂ ਨਾਲ ਸਬੰਧਤ ਰਾਜਨੀਤਕ ਪਾਰਟੀਆਂ ਤੇ ਚੋਟ ਕਰਦੇ ਕਾਵਿ ਵਿਅੰਗ ਸੁਣਾਏ। ਸਭਾ ਦੀ ਕਾਰਵਾਈ ਚਲਾ ਰਹੇ ਰਣਬੀਰ ਰਾਣਾ ਨੇ ਗ਼ਜ਼ਲ ਸੁਣਾਈ।
ਇਹਨਾਂ ਰਚਨਾਵਾਂ ਤੇ ਉਸਾਰੂ ਆਲੋਚਨਾ ਕਰਦਿਆਂ ਦਮਜੀਤ ਦਰਸਨ ਨੇ ਕਵਿਤਾ ਦੇ ਸੋਹਜ ਬਾਰੇ ਚਾਨਣਾ ਪਾਇਆ। ਰਣਜੀਤ ਗੌਰਵ ਨੇ ਪੜ੍ਹੀਆਂ ਰਚਨਾਵਾਂ ਦੀ ਪ੍ਰਸੰਸਾ ਕੀਤੀ। ਸਭਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਇਹ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਖੁਸ਼ੀ ਸਾਂਝੀ ਕੀਤੀ ਕਿ ਸਭਾ ਜਲਦੀ ਹੀ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇੱਕ ਵੱਡਾ ਸਮਾਗਮ ਕਰਵਾ ਰਹੀ ਹੈ।

Real Estate