ਤਾਂ ਸਾਈਬਰ ਹਮਲਾ ਪੰਜਾਬ ’ਚ ਬੱਤੀ ਗੁੱਲ ਕਰ ਸਕਦਾ !

144

ਚਰਨਜੀਤ ਭੁੱਲਰ
ਚੰਡੀਗੜ੍ਹ, 27 ਜੁਲਾਈ
ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ’ਚ ਬਿਜਲੀ ਸਪਲਾਈ ਕੰਟਰੋਲ ਵਾਲੇ ਕੰਪਿਊਟਰਾਂ ’ਤੇ ਸਾਈਬਰ ਹਮਲੇ ਦਾ ਖ਼ਤਰਾ ਹੈ ਜਿਸ ਬਾਰੇ ਚੌਕਸ ਰਹਿਣ ਦੀ ਲੋੜ ਹੈ। ਜੇਕਰ ਇਸ ਮਾਮਲੇ ’ਚ ਢਿੱਲ-ਮੱਠ ਵਰਤੀ ਗਈ ਤਾਂ ਸਾਈਬਰ ਹਮਲਾ ਪੰਜਾਬ ’ਚ ਬੱਤੀ ਗੁੱਲ ਕਰ ਸਕਦਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਸੰਭਾਵੀਂ ਸਾਈਬਰ ਹਮਲੇ ਤੋਂ ਜਾਣੂ ਕਰਾਉਂਦੇ ਹੋਏ ਨਿੱਜੀ ਤੌਰ ’ਤੇ ਇਸ ਮਾਮਲੇ ’ਤੇ ਧਿਆਨ ਦੇਣ ਦੀ ਹਦਾਇਤ ਕੀਤੀ ਹੈ।

ਜਾਣਕਾਰੀ ਅਨੁਸਾਰ ਮੁੰਬਈ ਵਿੱਚ 13 ਅਕਤੂਬਰ 2020 ਨੂੰ ਸਾਈਬਰ ਹਮਲੇ ਨੇ ਬਿਜਲੀ ਗਰਿੱਡ ਫੇਲ੍ਹ ਕਰ ਦਿੱਤਾ ਸੀ। ਮੁੰਬਈ/ਨਵੀਂ ਮੁੰਬਈ ਵਿੱਚ ਦੋ ਘੰਟੇ ਲਈ ਸਮੁੱਚਾ ਬਿਜਲੀ ਪ੍ਰਬੰਧ ਠੱਪ ਹੋ ਗਿਆ ਸੀ। ਉਸ ਮਗਰੋਂ ਮੁੱਢਲੀ ਰਿਪੋਰਟ ਵਿਚ ਪੁਲੀਸ ਨੇ ਇਸ ਪਿਛੇ ਚੀਨ ’ਤੇ ਉਂਗਲ ਉਠਾਈ ਸੀ ਕਿ ਚੀਨ ਇਸ ਤਰ੍ਹਾਂ ਦੇ ਸਾਈਬਰ ਹਮਲੇ ਕਰਵਾ ਰਿਹਾ ਹੈ।

ਹੁਣ ਬਿਜਲੀ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ’ਚ ਆਖਿਆ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਇਹ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ ਕਿ ਉਨ੍ਹਾਂ ਕੰਪਿਊਟਰਾਂ ਵਿੱਚ ਅਜਿਹੇ ਸਾਈਬਰ ਵਾਇਰਸ ਆ ਰਹੇ ਹਨ ਜਿਨ੍ਹਾਂ ਕਾਰਨ ਉਹ ਸਾਈਬਰ ਹਮਲੇ ਦੇ ਖ਼ਤਰੇ ਹੇਠ ਹਨ। ਮੰਤਰਾਲੇ ਨੇ ਗਿਲਾ ਜ਼ਾਹਿਰ ਕੀਤਾ ਕਿ ਪਾਵਰਕੌਮ/ਟਰਾਂਸਕੋ ਵੱਲੋਂ ਇਸ ਨੂੰ ਰੋਕਣ ਲਈ ਢੁਕਵੇਂ ਕਦਮ ਨਹੀਂ ਉਠਾਏ ਜਾ ਰਹੇ। ਮੰਤਰਾਲੇ ਨੇ ਬਿਜਲੀ ਸਪਲਾਈ ਵਾਲੀਆਂ ਕੰਪਨੀਆਂ ਨਾਲ ਇਹ ਸੂਚਨਾ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਬਿਜਲੀ ਮੰਤਰਾਲੇ ਵੱਲੋਂ ਸੂਬਿਆਂ ਵਿੱਚ ਬਿਜਲੀ ਸਪਲਾਈ ਕੰਟਰੋਲ ਕਰਦੇ ਕੰਪਿਊਟਰਾਂ ’ਤੇ ਨਜ਼ਰ ਰੱਖਣ ਲਈ ਸਾਈਬਰ ਸਵੱਛਤਾ ਕੇਂਦਰ ਸਥਾਪਿਤ ਕੀਤੇ ਹੋਏ ਹਨ ਜੋ ਹਰ ਸੂਬੇ ਦੀ ਬਿਜਲੀ ਸਪਲਾਈ ਕੰਟਰੋਲ ਕਰਦੇ ਕੰਪਿਊਟਰਾਂ ਦਾ ਲਗਾਤਾਰ ਲੇਖਾ ਜੋਖਾ ਕਰਦੇ ਹੋਏ ਬਿਜਲੀ ਮੰਤਰਾਲੇ ਨੂੰ ਰਿਪੋਰਟਾਂ ਦਿੰਦੇ ਹਨ। ਅਜਿਹੇ ਕੇਂਦਰਾਂ ਵੱਲੋਂ ਪਾਵਰਕੌਮ ਦੇ ਕੰਪਿਊਟਰਾਂ ਦੀਆਂ ਦੋ-ਦੋ ਹਫਤੇ ਦੀਆਂ ਰਿਪੋਰਟਾਂ ਵੀ ਬਿਜਲੀ ਮੰਤਰਾਲੇ ਕੋਲ ਪਹੁੰਚਾਈਆਂ ਜਾ ਰਹੀਆਂ ਹਨ। ਬਿਜਲੀ ਮੰਤਰਾਲੇ ਨੇ ਕਿਹਾ ਕਿ ਪੰਜਾਬ ਨੇ ਸਾਈਬਰ ਹਮਲੇ ਰੋਕਣ ਲਈ ਢੁਕਵੀਂ ਯੋਜਨਾ ‘ਸਾਈਬਰ ਕ੍ਰਾਈਸਿਸ ਮੈਨੇਜਮੈਂਟ ਪਲਾਨ’ ਤਿਆਰ ਨਹੀਂ ਕੀਤੀ। ਇਸੇ ਤਰ੍ਹਾਂ ਇੱਥੇ ਕੰਪਿਊਟਰਾਂ ਦੀ ਸਾਈਬਰ ਸੁਰੱਖਿਆ ਲਈ ਵੱਖ-ਵੱਖ ਏਜੰਸੀਆਂ ਤੋਂ ਆਡਿਟ ਵੀ ਨਹੀਂ ਕਰਵਾਇਆ ਜਾ ਰਿਹਾ। ਇਸੇ ਤਰ੍ਹਾਂ ਪੰਜਾਬ ਵਿੱਚ ਅਜਿਹੇ ਖਤਰਿਆਂ ਦੀ ਪਛਾਣ ਲਈ ਕੋਈ ਯੋਗ ਨੀਤੀ ਨੋਟੀਫਾਈ ਕੀਤੀ ਗਈ ਹੈ ਅਤੇ ਨਾ ਹੀ ਪਾਵਰਕੌਮ ਤਰਫੋਂ ਸਾਈਬਰ ਸੁਰੱਖਿਆ ਲਈ ਕੋਈ ਮੌਕ ਡਰਿੱਲ ਕੀਤੀ ਗਈ ਹੈ।

Real Estate